ਲੁਧਿਆਣਾ – ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਦੇ ਪੀ ਏ ਯੂ ਕਿਸਾਨ ਕਲੱਬ ਦਾ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਰੋਪੜ ਦੇ ਐਮ.ਐਲ.ਏ. ਡਾ. ਡੀ.ਐਸ. ਚੀਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਕੀਤੀ । ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਆਏ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਵਧ ਚੜ੍ਹ ਕੇ ਭਾਗ ਲਿਆ ।
ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਯੁਨੀਵਰਸਿਟੀ ਵੱਲੋਂ ਵਿਕਸਤ ਤਕਨਾਲੌਜੀ ਨੂੰ ਪੰਜਾਬ ਦੇ ਹਰ ਹਿੱਸੇ ਵਿੱਚ ਕਿਸਾਨਾਂ ਤੀਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਅਚੇਤ ਮਨ ਵਿੱਚ ਕੀਤੇ ਤਜ਼ਰਬੇ ਯੁਨੀਵਰਸਿਟੀ ਲਈ ਅਤਿਅੰਤ ਸਹਾਇਕ ਹੁੰਦੇ ਹਨ । ਉਨ੍ਹਾਂ ਖਾਸ ਕਰਕੇ ਅਮਰੀਕਾ ਵਿੱਚ ਖੇਤੀ ਦੇ ਖੇਤਰ ਵਿੱਚ ਆਪਣਾ ਨਾਂ ਖੱਟਣ ਵਾਲੇ ਪੰਜਾਬੀ ਕਿਰਸਾਨਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬੀ ਕਿਸਾਨਾਂ ਦੀ ਅਣਥੱਕ ਮਿਹਨਤ ਸਦਕਾ ਉਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ । ਇਸ ਮੌਕੇ ਡਾ. ਚੀਮਾ ਨੇ ਬੋਲਦਿਆਂ ਕਿਹਾ ਕਿ ਖੇਤੀਬਾੜੀ ਦਾ ਧੰਦਾ ਇੱਕ ਪਵਿੱਤਰ ਧੰਦਾ ਹੈ । ਉਨ੍ਹਾਂ ਕਿਹਾ ਕਿ ਮੁਢਲੀਆਂ ਲਾਗਤਾਂ ਵਿੱਚ ਵਾਧਾ, ਛੋਟੀਆਂ ਹੋ ਰਹੀਆਂ ਜੋਤਾਂ, ਡਿੱਗ ਰਿਹਾ ਪਾਣੀ ਦਾ ਪੱਧਰ, ਭੁਮੀ ਦੀ ਸਿਹਤ ਵਿੱਚ ਆ ਰਿਹਾ ਨਿਘਾਰ ਵਿਗਿਆਨੀਆਂ ਦੇ ਸਾਹਮਣੇ ਖੇਤੀ ਨੂੰ ਦਰਪੇਸ਼ ਆ ਰਹੀਆਂ ਮੁੱਖ ਸਮੱਸਿਆਵਾਂ ਹਨ ।
ਡਾ. ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਅਗਾਂਹ ਵਧੂ ਕਿਸਾਨਾਂ ਨੂੰ ਚੱਪੜ ਚਿੜੀ ਮੁਹਾਲੀ ਵਿਖੇ ਆਯੋਜਿਤ ਹੋਣ ਵਾਲੀ ਕਿਸਾਨ ਗੋਸ਼ਟੀ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਮੌਕੇ 50,000 ਤੋਂ ਵੱਧ ਕਿਸਾਨ ਹਿੱਸਾ ਲੈਣਗੇ । ਡਾ. ਸੰਧੂ ਨੇ ਕਿਹਾ ਕਿ ਯੁਨੀਵਰਸਿਟੀ ਵੱਲੋਂ ਵਿਕਸਤ ਤਕਨਾਲੌਜੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਹਰ ਸੰਭਵ ਯਤਨ ਕੀਤਾ ਜਾਂਦਾ ਹੈ । ਯੁਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ. ਜਗਤਾਰ ਸਿੰਘ ਧੀਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਥਾਈ ਖੇਤੀ ਲਈ ਕੁਦਰਤੀ ਸੋਮਿਆਂ ਦੀ ਚੰਗੇਰੀ ਸਾਂਭ ਸੰਭਾਲ ਸਮੇਂ ਦੀ ਮੁੱਖ ਮੰਗ ਹੈ । ਉਨ੍ਹਾਂ ਵੱਲੋਂ ਯੁਨੀਵਰਸਿਟੀ ਦੀਆਂ ਨਵੀਆਂ ਵਿਕਸਤ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ । ਕਲੱਬ ਦੀ ਸਲਾਨਾ ਰਿਪੋਰਟ ਪ੍ਰਧਾਨ ਸ. ਅਜੀਤ ਸਿੰਘ ਔਜਲਾ ਨੇ ਪੜ੍ਹੀ ਜਦਕਿ ਇਸ ਤੋਂ ਪਹਿਲਾਂ ਸਵਾਗਤੀ ਸ਼ਬਦ ਖੇਤੀਬਾੜੀ ਕਾਲਜ ਦੇ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਕਹੇ । ਉਨ੍ਹਾਂ ਦੱਸਿਆ ਕਿ ਇਸ ਕਲੱਬ ਦੀ ਸਥਾਪਨਾ 1966 ਵਿੱਚ ਕੀਤੀ ਗਈ ਅਤੇ ਹੁਣ ਤੱਕ ਇਸ ਦੇ 6700 ਮੈਂਬਰ ਬਣਾਏ ਗਏ ਹਨ ।