ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਵੱਲੋਂ ਜੋ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਜਿਨ੍ਹਾਂ ਕਾਂਗਰਸੀਆਂ ਨੇ ਕਾਤਲ ਟੋਲੀਆਂ ਦੀ ਅਗਵਾਈ ਕੀਤੀ ਸੀ, ਉਹਨਾਂ ਦੇ ਨਾਮ ਰਾਹੁਲ ਤੋ ਮੰਗਣ ਦੀ ਸੋਚ ਬਿਲਕੁਲ ਦਰੁਸਤ ਹੈ, ਜੋ ਸਾਹਮਣੇ ਆਉਣੇ ਹੀ ਚਾਹੀਦੇ ਹਨ । ਲੇਕਿਨ ਅਸੀਂ ਇਸ ਦੇ ਨਾਲ ਇਹ ਵੀ ਮੰਗ ਕਰਦੇ ਹਾਂ ਕਿ 1984 ਦੇ ਕਤਲੇਆਮ ਵਿਚ ਅਤੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਵਿਚ ਜਿਨ੍ਹਾਂ ਬੀਜੇਪੀ ਦੇ ਆਗੂਆਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਇਹ ਮਨੁੱਖਤਾ ਵਿਰੋਧੀ ਕਾਰਾ ਕਰਨ ਲਈ ਉਕਸਾਇਆ ਸੀ ਅਤੇ ਜਿਨ੍ਹਾਂ ਰਵਾਇਤੀ ਸਿੱਖ ਆਗੂਆਂ ਨੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਸ੍ਰੀ ਪਾਂਡੇ ਨਾਲ ਮੁਲਾਕਾਤਾਂ ਕਰਕੇ ਅਤੇ ਦਿੱਲੀ ਦੇ ਆਈ.ਬੀ. ਦੇ ਸੇਫ ਹਾਊਸ ਵਿਚ ਉਸ ਸਮੇਂ ਦੇ ਗ੍ਰਹਿ ਵਜ਼ੀਰ ਸ੍ਰੀ ਨਰਸਿਮਾ ਰਾਓ ਨਾਲ ਗੁਪਤ ਮੁਲਾਕਾਤਾਂ ਕਰਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਲਈ ਪ੍ਰਵਾਨਗੀ ਦਿੰਦੇ ਹੋਏ ਖੁਸ਼ੀ ਪ੍ਰਗਟਾਈ ਸੀ ਅਤੇ ਜੋ ਇਹਨਾਂ ਸਿੱਖ ਵਿਰੋਧੀ ਸਾਜਿ਼ਸਾਂ ਵਿਚ ਕਾਂਗਰਸ ਅਤੇ ਬੀਜੇਪੀ ਨਾਲ ਘਿਓ-ਖਿਚੜੀ ਸਨ, ਉਹਨਾਂ ਦੇ ਨਾਮ ਵੀ ਸ੍ਰੀ ਰਾਹੁਲ ਨਸਰ ਕਰਕੇ ਸਿੱਖ ਕੌਮ ਨੂੰ ਜਾਣਕਾਰੀ ਦੇਣ ਕਿ ਕਾਂਗਰਸੀਆਂ ਦੇ ਨਾਲ-ਨਾਲ ਬੀਜੇਪੀ ਅਤੇ ਰਵਾਇਤੀ ਸਿੱਖ ਆਗੂ ਇਸ ਲਈ ਦੋਸ਼ੀ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਬਾਦਲ ਵੱਲੋਂ ਕਾਂਗਰਸੀ ਮੀਤ ਪ੍ਰਧਾਨ ਸ੍ਰੀ ਰਾਹੁਲ ਤੋ ਕਾਤਲ ਕਾਂਗਰਸੀਆਂ ਦੇ ਨਾਮ ਮੰਗਣ ਨੂੰ ਜਿਥੇ ਦਰੁਸਤ ਕਰਾਰ ਦਿੱਤਾ, ਉਥੇ ਬੀਜੇਪੀ ਅਤੇ ਰਵਾਇਤੀ ਆਗੂਆਂ ਦੇ ਨਾਮ ਨਸਰ ਕਰਨ ਦੀ ਵੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਦੇ ਕਾਤਲ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸੀ ਤੇ ਸਰਕਾਰੀ ਉੱਚ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਇਨਸਾਫ਼ ਦਾ ਤਕਾਜ਼ਾ ਇਹ ਮੰਗ ਕਰਦਾ ਹੈ ਕਿ ਉਹ ਸਾਹਮਣੇ ਵੀ ਆਵੇ ਅਤੇ ਉਸ ਨੂੰ ਭਾਰਤੀ ਕਾਨੂੰਨ ਜਾਂ ਇੰਟਰਨੈਸ਼ਨਲ ਕੋਰਟ ਐਟ ਹੇਂਗ ਦੀ ਅਦਾਲਤ ਵਿਚ ਖੜ੍ਹਾ ਕਰਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾਵਾਂ ਦੇਣ ਦਾ ਫੌਰੀ ਪ੍ਰਬੰਧ ਹੋਵੇ । ਉਹਨਾਂ ਕਿਹਾ ਜੇਕਰ ਸ. ਬਾਦਲ ਕੇਵਲ ਕਾਤਲ ਕਾਂਗਰਸੀਆਂ ਦੇ ਨਾਮ ਮੰਗਦੇ ਹਨ ਤਾਂ ਉਹ ਕੇਵਲ ਹਿੰਦ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ । ਜੇਕਰ ਉਹ ਸਿੱਖ ਕੌਮ ਦੇ ਸਮੁੱਚੇ ਕਾਤਲਾਂ ਦੇ ਨਾਮ ਮੰਗਦੇ ਹੋਣ ਫਿਰ ਉਹ ਸਹੀ ਰੂਪ ਵਿਚ ਸਿੱਖ ਕੌਮ ਨੂੰ ਇਨਸਾਫ਼ ਦੇਣ ਦੀ ਗੱਲ ਕਰ ਰਹੇ ਹੋਣਗੇ । ਹੁਣ ਸਿੱਖ ਕੌਮ ਅਤੇ ਇਥੋ ਦੇ ਨਿਵਾਸੀਆਂ ਨੇ ਵੇਖਣਾ ਹੈ ਕਿ ਸ. ਬਾਦਲ ਕੇਵਲ ਸਿਆਸੀ ਖੇਡ, ਖੇਡ ਰਹੇ ਹਨ ਜਾਂ ਅਸਲੀਅਤ ਵਿਚ ਸਿੱਖ ਕੌਮ ਦੇ ਮੁਫਾਦਾਂ ਦੀ ਗੱਲ ਕਰ ਰਹੇ ਹਨ ? ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਸ. ਰਣਧੀਰ ਸਿੰਘ ਚੀਮਾਂ ਸਾਬਕਾ ਵਜ਼ੀਰ ਪੰਜਾਬ ਜੋ ਇਸ ਸਮੇਂ ਵੀ ਬਾਦਲ ਦਲ ਵਿਚ ਹਨ, ਉਹਨਾਂ ਵੱਲੋਂ ਬਲਿਊ ਸਟਾਰ ਤੋ ਬਾਅਦ ਰਵਾਇਤੀ ਆਗੂਆਂ ਸ. ਬਾਦਲ, ਸ. ਟੋਹੜਾ ਅਤੇ ਹੋਰਨਾ ਵੱਲੋਂ ਕੀਤੀਆਂ ਗੁਪਤ ਮੀਟਿੰਗਾਂ ਦੀ ਜਾਣਕਾਰੀ ਦਿੰਦੇ ਹੋਏ ਜੋ ਪੈਫਲਿਟ ਜਾਰੀ ਕੀਤਾ ਗਿਆ ਸੀ, ਉਸ ਤੋ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਾਰੇ ਰਵਾਇਤੀ ਆਗੂ ਬਲਿਊ ਸਟਾਰ ਦੀ ਸਾਜਿ਼ਸ ਵਿਚ ਸ਼ਾਮਿਲ ਸਨ । ਸ. ਚੀਮਾਂ ਵੱਲੋਂ ਜਾਰੀ ਕੀਤਾ ਗਿਆ ਪੈਫਲਿਟ ਵੀ ਪ੍ਰੈਸ ਦੀ ਜਾਣਕਾਰੀ ਲਈ ਨਾਲ ਭੇਜਿਆ ਜਾ ਰਿਹਾ ਹੈ :