ਨਵੀਂ ਦਿੱਲੀ – ਲੋਕਸਭਾ ਚੋਣਾਂ ਵਿੱਚ ਬਹੁਮੱਤ ਪ੍ਰਾਪਤ ਕਰਨ ਲਈ ਬੀਜੇਪੀ ਫਿਲਮੀ ਹਸਤੀਆਂ ਤੇ ਡੋਰੇ ਪਾ ਰਹੀ ਹੈ। ਪਹਿਲਾਂ ਭੱਪੀ ਲਹਿੜੀ ਨੂੰ ਬੰਗਾਲ ਤੋਂ ਟਿਕਟ ਦੇਣ ਦਾ ਐਲਾਨ ਕੀਤਾ ਹੈ ਤੇ ਹੁਣ ਅਭਿਨੇਤਾ ਨਾਨਾ ਪਾਟੇਕਰ ਨੂੰ ਟਿਕਟ ਦੀ ਪੇਸ਼ਕਸ਼ ਕੀਤੀ ਹੈ। ਨਾਨਾ ਪਾਟੇਕਰ ਨੇ ਭਾਜਪਾ ਦੇ ਇਸ ਪ੍ਰਸਤਾਵ ਨੂੰ ਠੁਕਰਾ ਕੇ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸੀ ਸਾਂਸਦ ਪ੍ਰਿਆ ਦੱਤ ਦੇ ਖਿਲਾਫ਼ ਭਾਜਪਾ ਉਮੀਦਵਾਰ ਦੇ ਤੌਰ ਤੇ ਲੋਕਸਭਾ ਚੋਣ ਲੜਨ ਦੇ ਪ੍ਰਸਤਾਵ ਨੂੰ ਠੋਕਰ ਮਾਰਦੇ ਹੋਏ ਬੀਜੇਪੀ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਮੋਦੀ ਦੇ ਇਸ਼ਾਰੇ ਤੇ ਇੱਕ ਵੱਡੇ ਨੇਤਾ ਨੇ ਨਾਨਾ ਪਾਟੇਕਰ ਨੂੰ ਆਪਣੀ ਦੋਸਤੀ ਦਾ ਵਾਸਤਾ ਦੇ ਕੇ ਬੀਜੇਪੀ ਜੁਆਇਨ ਕਰਨ ਅਤੇ ਸੁਨੀਲ ਦੱਤ ਦੀ ਬੇਟੀ ਪ੍ਰਿਆ ਦੱਤ ਨਾਲ ਟੱਕਰ ਲੈਣ ਦਾ ਪ੍ਰਸਤਾਵ ਰੱਖਿਆ ਸੀ। ਲੇਕਿਨ ਨਾਨਾ ਪਾਟੇਕਰ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇਤਾ ਨੇ ਬਾਲੀਵੁੱਡ ਦੀਆਂ ਹੋਰ ਹਸਤੀਆਂ ਨੂੰ ਵੀ ਇਹ ਪੇਸ਼ਕਸ਼ ਕੀਤੀ,ਪਰ ਸੱਭ ਨੇ ਪ੍ਰਿਆ ਦੇ ਖਿਲਾਫ਼ ਚੋਣ ਦੰਗਲ ਵਿੱਚ ਉਤਰਨ ਤੋਂ ਇਹ ਕਹਿ ਕੇ ਕਿਨਾਰਾ ਕਰ ਲਿਆ ਕਿ ਉਹ ਗੁਜ਼ਰੇ ਜਮਾਨੇ ਦੀ ਪ੍ਰਸਿੱਧ ਅਭਿਨੇਤਰੀ ਨਰਗਿਸ ਦੀ ਪੁੱਤਰੀ ਹੈ।ਹੁਣ ਤੱਕ ਗੋਵਿੰਦਾ ਤੋਂ ਇਲਾਵਾ ਕਿਸੇ ਵੀ ਫਿਲਮੀ ਚਿਹਰੇ ਨੇ ਮਹਾਂਰਾਸ਼ਟਰ ਤੋਂ ਚੋਣ ਨਹੀਂ ਲੜੀ।