ਬ੍ਰਿਮਿੰਘਮ (ਪਤਰਪ੍ਰੇਰਕ): ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਬਰਤਾਨਵੀ ਪ੍ਰਾਈਮ ਮਨਿਸਟਰ ਨੂੰ ਲਿਖੀ ਇਕ ਚਿੱਠੀ ਵਿਚ ਕਿਹਾ ਹੈ ਕਿ 1984 ਵਿਚ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ‘ਤੇ ਹਮਲੇ ਦੇ ਸਬੰਧ ਵਿਚ ਬਰਤਾਨੀਆ ਦੀ ਪ੍ਰਾਈਮ ਮਨਿਸਟਰ ਮਾਰਗਰਟ ਥੈਚਰ ਵੱਲੋਂ ਇੰਦਰਾ ਗਾਂਧੀ ਦੀ ਮਦਦ ਕਰਨ ਅਤੇ ਉਸ ਨਾਲ ਸਾਜ਼ ਬਾਜ਼ ਕਰਨ ਦੇ ਜੁਰਮ ਦੀ ਬਰਤਾਨੀਆ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ 4 ਫ਼ਰਵਰੀ 2014 ਦੇ ਦਿਨ ਬਰਤਾਨੀਆ ਦੇ ਫ਼ਾੱਰਨ ਸੈਕਟਰੀ ਵਿਲੀਅਮ ਹੇਗ ਵੱਲੋਂ ਇਸ ਸਬੰਧ ਵਿਚ ਦਿੱਤਾ ਗਿਆ ਬਿਆਨ ਬਰਤਾਨੀਆ ਨੂੰ ਗੁਨਾਹ ਤੋਂ ਬਰੀ ਨਹੀਂ ਕਰਦਾ ਕਿਉਂ ਕਿ: 1.ਦਸਤਵੇਜ਼ਾਂ ਮੁਤਾਬਿਕ ਥੈਚਰ ਨੇ ‘ਇੰਡੀਅਨ ਇੰਟੈਲੀਜੈਂਸ ਕੋਆਰਡੀਨੇਟਰ’ ਦੀ ਸਿਫ਼ਾਰਸ਼ ਕਾਰਨ ਇੰਦਰਾ ਗਾਂਧੀ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦਾ ਮਤਲਬ ਇਹ ਹੈ ਕਿ ਉਸ ਦੀ ਸਲਾਹ ਜਾਂ ਸਿਫ਼ਾਰਸ਼ ਬਰਤਾਨਵੀ ਸਰਕਾਰ ਵਾਸਤੇ ਆਖ਼ਰੀ ਫ਼ੈਸਲਾ ਹੁੰਦੀ ਹੈ? ਥੈਚਰ ਨੇ ਇਸ ਸਬੰਧੀ ਕਿਸੇ ਹੋਰ ਇੰਟੈਲੀਜੈਂਸ ਏਜੰਸੀ ਦੀ ਮਦਦ ਦੀ ਲੋੜ ਕਿੳਨੂਮ ਨਹੀਂ ਸਮਝੀ? ਉਸ ਨੇ ਇਸ ਸਬੰਧੀ ਵਜ਼ਾਰਤ ਨਾਲ ਵਿਚਾਰ ਤਕ ਨਹੀਂ ਕੀਤੀ। 2. ‘ਇੰਡੀਅਨ ਇੰਟੈਲੀਜੈਂਸ ਕੋਆਰਡੀਨੇਟਰ’ ਦੇ ਕਹਿਣ ਮੁਤਾਬਿਕ ਦਰਬਾਰ ਸਾਹਿਬ ਵਿਚੋਂ ਖਾੜਕੂ ਸਿੱਖਾਂ ਨੂੰ ਕੱਢਣ ਦੇ ਸਾਰੇ ਹੀਲੇ ਨਾਕਾਮਯਾਬ ਹੋ ਚੁਕੇ ਸਨ। ਕੀ ਥੈਚਰ ਨੇ ਇਸ ਦੀ ਪ੍ਰੋੜ੍ਹਤਾ ਕਿਸੇ ਹੋਰ ਸੋਮੇ ਤੋਂ ਕਰਵਾਈ? ਬਰਤਾਨਵੀ ਸਰਕਾਰ ਦੀਆਂ ਫ਼ੌਜੀ ਤੇ ਹੋਰ ਜਾਸੂਸੀ ਏਜੰਸੀਆਂ ਵੀ ਤਾਂ ਹਨ। ਜਦ ਕਿ ਹਕੀਕਤ ਇਹ ਹੈ ਕਿ ਹੋਰ ਤਾਂ ਹੋਰ ਭਾਰਤੀ ਫ਼ੌਜ ਦੇ ਉਦੋਂ ਦੇ ਮੁਖੀ ਨੇ ਇੰਦਰਾ ਨੂੰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਰੋਕਿਆ ਸੀ ਅਤੇ ਉਸ ਦਾ ਇਹ ਬਿਆਨ ਯੂ ਟਿਊਬ ‘ਤੇ ਮੌਜੂਦ ਹੈ। 3. ਭਾਰਤ ਸਰਕਾਰ ਦਾ ਆਪਣਾ ‘ਵ੍ਹਾਈਟ ਪੇਪਰ’ ਇਸ ਗੱਲ ਦੀ ਤਾਈਦ ਕਰਦਾ ਹੈ ਕਿ ਸਰਕਾਰ ਅਤੇ ਅਕਾਲੀਆਂ ਨਾਲ ਗਲਬਾਤ ਮਈ 1984 ਤਕ ਚਲਦੀ ਰਹੀ ਸੀ; ਸੋ ‘ਸਾਰੇ ਹੀਲੇ ਨਾਕਾਮਯਾਬ ਹੋਣ ਵਾਲੀ ਗੱਲ ਕੋਰਾ ਝੂਠ ਹੈ। 4. ਰਾਜੀਵ ਗਾਂਧੀ, ਜੋ ਉਦੋਂ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਸੀ (ਜੋ ਮਗਰੋਂ ਭਾਰਤ ਦਾ ਪ੍ਰਾਈਮ ਮਨਿਸਟਰ ਬਣਿਆ), ਨੇ ਦਰਬਾਰ ਸਾਹਿਬ ‘ਤੇ ਹਮਲੇ ਤੋਂ ਸਿਰਫ਼ ਕੁਝ ਹਫ਼ਤੇ ਪਹਿਲਾਂ ਹੀ ਕਿਹਾ ਸੀ ਕਿ ਭਿੰਡਰਾਂਵਾਲਾ ਇਕ ਧਾਰਮਿਕ ਹਸਤੀ ਹੈ; ਸੋ ਉਹ ਕਿਹੜੇ ਖਾੜਕੂ ਸਨ ਜਿਨ੍ਹਾਂ ਨੂੰ ਇੰਦਰਾ ਗਾਂਧੀ ਦਰਬਾਰ ਸਾਹਿਬ ਵਿਚੋਂ ਕੱਢਣਾ ਚਾਹੁੰਦੀ ਸੀ। 5. ਜਨਵਰੀ-ਫ਼ਰਵਰੀ 1984 ਵਿਚ ਦਰਬਾਰ ਸਾਹਿਬ ਵਿਚ ਐਮਰਜੰਸੀ ਵਾਲੌ ਕੋਈ ਹਾਲਤ ਨਹੀਨ ਸੀ। ਭਾਰਤ ਸਰਕਾਰ ਨੇ ਦਰਬਾਰ ਸਾਹਿਬ ਦੀ ਮੈਨੇਜਮੈਂਟ ਨੂੰ ਇਕ ਵਾਰ ਵੀ ਨਹੀਂ ਸੀ ਕਿਹਾ ਕਿ ਫ਼ਲਾਣੇ ਖਾੜਕੂ ਨੂੰ ਬਾਹਰ ਕੱਢ ਦੇਵੇ। 6. ਥੈਚਰ ਦੀ ਚਿੱਠੀ ਮੁਤਾਬਿਕ, ਜੇ ਮੰਨ ਵੀ ਲਿਆ ਜਾਵੇ ਕਿ ਦਰਬਾਰ ਸਾਹਿਬ ਵਿਚ ਇੰਦਰਾ ਗਾਂਧੀ ਦੇ ਜਾਂ ਸਰਕਾਰ ਦੇ ‘ਵਿਰੋਧੀ’ ਬੈਠੇ ਸਨ, ਤਾਂ ਇਸ ਦਾ ਬਰਤਾਨੀਆ ਨਾਲ ਕੀ ਸਬੰਧ? ਕੀ ਉਹ ਬਰਤਾਨੀਆ ਵਾਸਤੇ ਕਿਸੇ ਤਰ੍ਹਾਂ ਦਾ, ਸਿੱਧਾ ਜਾਂ ਅਸਿੱਧਾ, ਖ਼ਤਰਾ ਸਨ? 7. ਬਰਤਾਨਵੀ ਸਰਕਾਰ ਮੁਤਾਬਿਕ ਥੈਚਰ ਸਰਕਾਰ ਨੇ ਇੰਦਰਾ ਗਾਂਧੀ ਨੂੰ ਸਿਰਫ਼ ‘ਸਲਾਹ’ ਦਿੱਤੀ ਸੀ ਪਰ ਆਪ ਐਕਸ਼ਨ ਵਿਚ ਸ਼ਮੂਲੀਅਤ ਨਹੀਂ ਕੀਤੀ ਸੀ। ਪਰ ਇਹ ਗ਼ਲਤਬਿਆਨੀ ਹੈ। ਬਰਤਾਨਵੀ ਦਸਤਵੇਜ਼ਾਂ ਮੁਤਾਬਿਕ ਲੰਡਨ ਤੋਂ ਗਏ ਫ਼ੌਜੀ ਅਫ਼ਸਰ ਨੇ ਪਲਾਨ ਬਣਾ ਕੇ ਦਿੱਤੀ ਸੀ ਤੇ ਉਸ ਪਾਲਨ ਨੂੰ ਇੰਦਰਾ ਗਾਂਧੀ ਨੇ ਮਨਜ਼ੂਰ ਵੀ ਕਰ ਲਿਆ ਸੀ। ਪਰ, ਪਾਲ ਬਣਾਉਣ ਵਾਲਾ ਐਕਸ਼ਨ ਕਰਨ ਵਾਲੇ ਨਾਲੋਂ ਵਧ ਗੁਨਾਹਗਾਰ ਹੁੰਦਾ ਹੈ। ਦੂਜਾ, ਕਿ ਇੰਦਰਾ ਗਾਂਧੀ ਨੇ ਉਸ ਪਲਾਨ ਦੀ ਜਗਹ ਦੂਜੀ ਪਲਾਨ ਮੁਤਾਬਿਕ ਐਕਸ਼ਨ ਕੀਤਾ, ਇਸ ਦੇ ਬਾਵਜੂਦ ਵੀ ਬਰਤਾਨੀਆ ਦਾ ਗੁਨਾਹ ਖ਼ਤਮ ਨਹੀਂ ਹੋ ਜਾਂਦਾ। 8. ਕੀ ਬਰਤਾਨੀਆਂ ਨੇ ਕਦੇ ਇਹੋ ਜਿਹੀ ਪਲਾਨ, ਸਿੱਖਾਂ ਤੋਂ ਸਿਵਾ ਕਿਸੇ ਹੋਰ ਦੇ ਖ਼ਿਲਾਫ਼ ਤੇ ਕਿਸੇ ਹੋਰ ਮੁਲਕ ਵਾਸਤੇ, ਜਾਂ ਕਿਸੇ ਹੋਰ ਸੈਕਸ਼ਨ ਵਾਸਤੇ ਵੀ ਬਣਾ ਕੇ ਦਿੱਤੀ ਹੈ? 9. ਕੀ ਥੈਚਰ ਦੀ ਇਹ ਕਾਰਵਾਈ ਕੌਮਾਂਤਰੀ ਕਾਨੂੰਨ ਜਾਂ ਇਨਸਾਨੀਅਤ ਦੇ ਪੱਖ ਤੋਂ ਸਹੀ ਸੀ? 10. ਸਾਰੀ ਦੁਨੀਆ ਜਾਣਦੀ ਹੈ ਕਿ ਦਰਬਾਰ ਸਾਹਿਬ ‘ਤੇ ਹਮਲੇ ਦੌਰਾਨ ਕੀ ਹੋਇਆ? ਹਜ਼ਾਰਾਂ ਬੇਗੁਨਾਹ ਕਤਲ ਕੀਤੇ ਗਏ; ਇਨਸਾਨੀ ਹੱਕਾਂ ਦਾ ਖ਼ੂਨ ਹੋਇਆ; ਲਾਸ਼ਾਂ ਦੀ ਬੇਹੁਰਮਤੀ ਕੀਤੀ ਗਈ; ਮਾਰ ਗਿਆਂ ਦੇ ਤਾਂ ਨਾਂ ਤਕ ਵੀ ਨਹੀਂ ਦੱਸੇ ਗਏ; ਜ਼ੁਕਮ ਦੀ ਇੰਤਹਾ ਕੀਤੀ ਗਈ; ਸਾਰੇ ਇਨਸਾਨੀ ਤੇ ਫ਼ੌਜੀ ਅਸੂਲਾਂ ਨੂੰ ਛੱਕੇ ਟੰਗਿਆ ਗਿਆ; ਸਾਰੀਆਂ ਕੌਮਾਂਤਰੈ, ਫ਼ੌਜੀ ਤੇ ਇਨਸਾਨੀ ਮੁਆਹਿਦੀਆਂ (ਜਿਨ੍ਹਾਂ ‘ਤੇ ਭਾਰਤ ਨੇ ਖ਼ੁਦ ਦਸਤਖ਼ਤ ਕਤਿੇ ਹੋਏ ਹਨ) ਦੀ ਉਲੰਘਣਾ ਕਤਿੀ ਗਈ। ਇਸ ਦੇ ਬਾਵਜੂਦ ਥੈਚਰ ਨੇ ਇੰਦਰਾ ਗਾਂਧੀ ਦੀ ਹਿਮਾਇਤ ਕੀਤੀ; ਸਿਰਫ਼ ਚੰਦ ਕਰੋੜ ਪੌਂਡ ਡਾ ਅਸਲਾ ਵੇਚਣ ਵਾਸਤੇ।
ਕੀ ਬਰਤਾਨਵੀ ਸਰਕਾਰ ਮਾਰਗਰਟ ਥੈਚਰ ਦੀ ਇਸ ਕਾਰਵਾਈ ਨੂੰ ਸਹੀ ਸਮਝਦੀ ਹੈ? ਜੇ ਨਹੀਂ ਤਾਂ ਇਸ ਸਰਕਾਰ ਨੂੰ ਥੈਚਰ ਦੀ ਨਿੰਦਾ ਕਰਨੀ ਚਾਹੀਦੀ ਹੈ ਸੳਤੇ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਸ ਗੁਨਾਹ ਬਦਲੇ, ਇਹ ਮੁਆਫ਼ੀ ਸਰਕਾਰ ਦਾ ਘਟ ਤੋਂ ਘਟ ਪਛਤਾਵਾ ਹੋਵੇਗਾ।