ਲੁਧਿਆਣਾ, (ਪ੍ਰੀਤੀ ਸ਼ਰਮਾ) – ਕਾਂਗਰਸ ਨੇ ਦੇਸ਼ ਉਪਰ ਲੰਬੇ ਸਮੇਂ ਆਪਣੇ ਕਾਰਜ਼ਕਾਲ ਦੌਰਾਨ ਕੋਈ ਵੀ ਲੋਕ ਹਿਤੈਸ਼ੀ ਕੰਮ ਨਹੀਂ ਕੀਤਾ, ਜਿਸ ਦੇ ਕਾਰਨ ਅੱਜ ਦੇਸ਼ ਵਿੱਚ ਬੇਰੋਜ਼ਗਾਰੀ, ਗਰੀਬੀ, ਅਨਪੜ੍ਹਤਾ, ਮਹਿੰਗਾਈ ਵਿੱਚ ਅਥਾਹ ਵਾਧਾ ਹੋਇਆ ਹੈ ਅਤੇ ਦੇਸ਼ ਹਰ ਪੱਖੋ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਕਾਂਗਰਸ ਦੀ ਯੂ.ਪੀ.ਏ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਅੱਜ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ, ਜਿਸ ਕਾਰਨ ਲੋਕ ਕਾਂਗਰਸ ਨੂੰ ਨਿਕਾਰ ਚੁੱਕੇ ਹਨ, ਅੱਜ ਹਰ ਪਾਸੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲੋਕ ਭਾਰੀ ਸਮਰੱਥਨ ਦੇ ਰਹੇ ਹਨ, ਜਿਸ ਦੀ ਅੱਜ ਸਥਿਰ ਸਰਕਾਰ ਅਤੇ ਦੇਸ਼ ਦੀ ਤਰੱਕੀ ਲਈ ਅਤੀਅੰਤ ਲੋੜ ਵੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਪਿੰਡ ਘੁਲਾਲ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ 132 ਕੇ.ਵੀ. ਬਿਜਲੀ ਘਰ ਨੂੰ ਅਪਗਰੇਡ ਕੀਤੇ 220 ਕੇ.ਵੀ ਸਬ-ਸਟੇਸ਼ਨ ਗਰਿੱਡ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ।
ਸ੍ਰ. ਢਿੱਲੋਂ ਨੇ ਦੱਸਿਆ ਕਿ ਇਸ ਗਰਿੱਡ ਨੂੰ ਅਪਗਰੇਡ ਕਰਨ ਦੀ ਇਲਾਕੇ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਗਰਿੱਡ ਦੇ ਸ਼ੁਰੂ ਹੋ ਜਾਣ ਨਾਲ ਮਾਛੀਵਾੜਾ, ਸਮਰਾਲਾ, ਸਾਹਨੇਵਾਲ, ਖਮਾਣੋਂ ਅਤੇ ਘੁੰਘਰਾਲੀ ਗਰਿੱਡ ਨੂੰ ਲਾਭ ਹੋਵੇਗਾ। ਉਹਨਾਂ ਦੱਸਿਆ ਕਿ ਤਕਰੀਬਨ 300 ਪਿੰਡਾਂ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲਾਂ ਇਹ ਗਰਿੱਡ 132 ਕੇ.ਵੀ. ਦਾ ਹੋਣ ਕਾਰਨ ਗਰਮੀਆਂ ਦੇ ਸੀਜ਼ਨ ਵਿੱਚ ਓਵਰ ਲੋਡ ਹੋਣ ਸਮੇਂ ਵਾਰ-ਵਾਰ ਟਰਿੱਪ ਕਰ ਜਾਂਦਾ ਸੀ, ਦੀ ਸਮੱਸਿਆ ਮੁਕੰਮਲ ਰੂਪ ਵਿੱਚ ਖਤਮ ਹੋ ਜਾਵੇਗੀ, ਇਸ ਤੋਂ ਇਲਾਵਾ ਆਉਣ ਵਾਲੇ ਝੋਨੇ ਦੀ ਸੀਜ਼ਨ ਵਿੱਚ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਵੀ ਦਿੱਤੀ ਜਾ ਸਕੇਗੀ। ਉਹਨਾਂ ਦੱਸਿਆ ਕਿ ਜਲਦੀ ਹੀ ਇੱਥੇ 100 ਐਮ.ਵੀ.ਏ. ਦਾ ਇੱਕ ਹੋਰ ਟਰਾਂਸਫਰਮਰ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਹੋਰ ਵੀ ਪਿੰਡਾਂ ਦੀ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ।
ਸ੍ਰ. ਢਿੱਲੋਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਪੰਜਾਬ ਨੂੰ ਹਰ ਖੇਤਰ ਵਿੱਚੋਂ ਦੇਸ਼ ਦਾ ਇੱਕ ਨੰਬਰ ਸੂਬਾ ਬਣਾਉਣਾ ਹੈ, ਉਹ ਭਾਵੇ ਸੜਕਾਂ, ਬਿਜਲੀ, ਪੀਣ ਵਾਲਾ ਸਾਫ ਪਾਣੀ ਅਤੇ ਪੜ੍ਹਾਈ ਦਾ ਖੇਤਰ ਹੋਵੇ। ਉਹਨਾਂ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਸੜਕਾਂ ਦੇ ਟੈਂਡਰ ਲਗ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦੀਆਂ 100 ਪ੍ਰਤੀਸ਼ਤ ਸੜਕਾਂ ਪ੍ਰੀਮਿਕਸ ਪਾਈ ਜਾ ਰਹੀ ਹੈ ਅਤੇ ਲੋਂੜੀਦੀਆਂ ਸੜਕਾਂ ਨੂੰ ਅਪਗਰੇਡ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਵਧੀਆਂ ਸੜਕਾਂ ਦੇ ਢਾਂਚੇ ਪੱਖੋਂ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਉਹਨਾਂ ਦੱਸਿਆ ਕਿ ਜਲਦੀ ਹੀ ਲੁਧਿਆਣਾ-ਚੰਡੀਗੜ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਲੋਕਾਂ ਨੂੰ ਚੰਡੀਗੜ੍ਹ ਆਉਣ ਜਾਣ ਦੀ ਸਹੂਲਤ ਮਿਲੇਗੀ, ਉਥੇ ਲੋਕਾਂ ਦੇ ਸਮੇਂ ਅਤੇ ਐਕਸੀਡੈਟ ਨਾਲ ਜਾ ਰਹੀਆਂ ਕੀਮਤੀ ਜਾਨਾਂ ਦੀ ਵੀ ਬੱਚਤ ਹੋਵੇਗੀ।
ਸ੍ਰ. ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਰਾਜ ਦੇ ਵਾਸੀਆਂ ਨੂੰ ਜਲਦੀ ਹੀ 100 ਪ੍ਰਤੀਸ਼ਤ ਪੀਣ ਵਾਲਾ ਸਾਫ-ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਲੋਕ ਸਿਹਤਮੰਦ ਰਹਿਣ। ਉਹਨਾਂ ਦੱਸਿਆ ਕਿ ਅੱਜ ਪੰਜਾਬ ਪੜ੍ਹਾਈ ਦੇ ਪੱਖੋਂ ਦੇਸ਼ ਵਿੱਚ ਪਹਿਲੇ ਸਥਾਨ ਤੇ ਹੈ। ਪੰਜਾਬ ਸਰਕਾਰ ਨੇ ਸਿੱਖਿਆ ਦਾ ਮਿਆਰ ਉਚਾ ਚੁਕਣ ਲਈ ਅਧਿਆਪਕਾਂ ਦੀ ਭਰਤੀ ਕੀਤੀ ਕੀਤੀ, ਨਵੇਂ ਕਾਲਜ਼ਾਂ ਯੂਨੀਵਰਸਿਟੀਆਂ ਦੀ ਸਥਾਪਨਾਂ ਤੋਂ ਇਲਾਵਾ ਸਕੂਲਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਕਰਵਾਕੇ ਇੱਕ ਵਧੀਆਂ ਸਿੱਖਿਆ ਦਾ ਢਾਂਚਾ ਮੁਹੱਈਆਂ ਕਰਵਾਇਆ ਜਿਸ ਸਦਕਾ ਸੂਬਾ ਸਿੱਖਿਆ ਦੇ ਖੇਤਰ ਵਿੱਚ ਅੱਜ ਪੂਰੇ ਦੇਸ਼ ਵਿੱਚੋਂ ਅਵੱਲ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਆਉਣ ਵਾਲੇ ਅਪ੍ਰੈਲ ਮਹੀਨੇ ਵਿੱਚ ਸੂਬਾ ਬਿਜਲੀ ਪੱਖੋਂ ਆਤਮ ਨਿਰਭਰ ਹੀ ਨਹੀਂ ਹੋਵੇਗਾ ਸਗੋਂ ਜਲਦੀ ਹੀ ਪਾਕਿਸਤਾਨ ਨੂੰ ਬਿਜਲੀ ਵੇਚਣ ਦਾ ਸਮਝੌਤਾ ਵੀ ਸੂਬਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਿਜਲੀ ਸਰਪਲੱਸ ਹੋਣ ਨਾਲ ਸੂਬੇ ਵਿੱਚ ਹਰ ਖੇਤਰ ਨੂੰ 24 ਘੰਟੇ ਬਿਜਲੀ ਦੀ ਸਪਲਾਈ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਜਗਜੀਵਨ ਸਿੰਘ ਖੀਰਨੀਆਂ ਹਲਕਾ ਇਨਚਾਰਜ਼ ਸਮਰਾਲਾ, ਸ੍ਰ. ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਸ੍ਰ. ਹਰਿੰਦਰ ਸਿੰਘ ਲੱਖੋਵਾਲ, ਚੇਅਰਮੈਨ ਖੰਡ ਮਿੱਲ ਬੁਢੇਵਾਲ, ਸ੍ਰੀ ਆਰ.ਕੇ. ਸ਼ਰਮਾ ਚੀਫ਼ ਇੰਜਨੀਅਰ ਪੀ.ਐਸ.ਪੀ.ਐਲ, ਸ੍ਰੀ ਯੋਗੇਸ਼ ਟੰਡਨ ਇੰਜਨੀਅਰ ਪੀ.ਐਸ.ਪੀ.ਐਲ, ਸ੍ਰੀ ਰਾਕੇਸ਼ ਕੌਸਲ, ਸ੍ਰੀ ਅਕਾਸ਼ ਮਿੱਤਲ, ਸ੍ਰੀ ਪਰਮਜੀਸਿੰਘ (ਤਿੰਨੇ ਸਹਾਇਕ ਇੰਜਨੀਅਰ) ਪੀ.ਐਸ.ਪੀ.ਐਲ, ਸ੍ਰ. ਧਰਮਜੀਤ ਸਿੰਘ ਡੀ.ਸੀ.ਯੂ., ਸ੍ਰ. ਚਰਨਜੀਤ ਸਿੰਘ ਲਿੱਟ ਮੈਂਬਰ ਜਿਲਾ ਪ੍ਰੀਸ਼ਦ, ਸ੍ਰ. ਬਹਾਦਰ ਸਿੰਘ ਮਾਣਕੀ, ਸ੍ਰ. ਅਮਰੀਕ ਸਿੰਘ ਰੋੜੀਆ, ਸ੍ਰ. ਦਲਜੀਤ ਸਿੰਘ ਗਿੱਲ, ਜਸਮੇਲ ਸਿੰਘ ਬੌਦਲੀ, ਸ੍ਰ. ਹਰਜੀਤ ਸਿੰਘ ਸ਼ੇਰੀਆ, ਸ੍ਰ. ਰਹਦੀਪ ਸਿੰਘ ਬਲੋਲਪੁਰ, ਸ੍ਰ. ਰਛਪਾਲ ਸਿੰਘ ਪੀ.ਏ. ਲੋਕ ਨਿਰਮਾਣ ਮੰਤਰੀ, ਸ੍ਰ. ਅਵਤਾਰ ਸਿੰਘ ਮਾਂਗਟ, ਸ੍ਰ. ਹਰਬੰਸ ਸਿੰਘ ਭਰਥਲਾ, ਸ੍ਰ. ਹਰਵਿੰਦਰ ਸਿੰਘ ਕਲਸੀ ਹੈਪੀ ਤੋਂ ਇਲਾਵਾ ਇਲਾਕੇ ਦੇ ਸਰਪੰਚ-ਪੰਚ ਤੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸ੍ਰ. ਢਿੱਲੋਂ ਵੱਲੋਂ 25 ਕਰੋੜ ਰੁਪਏ ਦੀ ਲਾਗਤ ਨਾਲ ਅਪਗਰੇਡ ਕੀਤੇ 220 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ
This entry was posted in ਪੰਜਾਬ.