ਨਵੀਂ ਦਿੱਲੀ :- ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਭਗਤ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਗਾਇਨ ਪ੍ਰਸਿੱਧ ਰਾਗੀ ਜੱਥੇ ਭਾਈ ਅਮਰਜੀਤ ਸਿੰਘ ਪਟਿਆਲਾ, ਦਿੱਲੀ ਕਮੇਟੀ ਦੇ ਹਜੁਰੀ ਰਾਗੀ ਜੱਥੇ ਭਾਈ ਮਨਪ੍ਰੀਤ ਸਿੰਘ, ਭਾਈ ਅਜੀਤ ਸਿੰਘ ਮਨਜੀਤ ਸਿੰਘ, ਭਾਈ ਗੁਰਫਤਹਿ ਸਿੰਘ ਸ਼ਾਂਤ, ਭਾਈ ਅਜੀਤ ਸਿੰਘ ਕੁਲਵੀਰ ਸਿੰਘ ਪਾਸੋ ਅਤੇ ਕਥਾ ਵਿਚਾਰ ਗਿਆਨੀ ਸਾਹਿਬ ਸਿੰਘ ਮਾਰਕੰਡਾ ਵਲੋਂ ਕਰਦੇ ਹੋਏ ਭਗਤ ਰਵਿਦਾਸ ਜੀ ਨੂੰ ਸੱਚਾ ਸਮਾਜ ਸੁਧਾਰਕ ਐਲਾਨਿਆ ਗਿਆ।
ਇਸ ਗੁਰਮਤਿ ਸਮਾਗਮ ਵਿਚ ਹਾਜਰੀ ਭਰਦੇ ਹੋਏ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾ ਨੂੰ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਵਿਤਕਰਾ ਰਹਿਤ ਤੇ ਮਨੁੱਖੀ ਸਮਾਨਤਾ ਦਾ ਸਮਾਜ ਸੁੱਚੀ ਕਿਰਤ ਰਾਹੀਂ ਅਕਾਲ ਪੁਰਖ ਵਿਚ ਵਿਸ਼ਵਾਸ ਰਖਦੇ ਹੋਏ ਸਿਰਜਣ ਦਾ ਸੁਨੇਹਾ ਦਿੱਤਾ। ਸਿੱਖ ਧਰਮ ਵਿਚ ਜਾਤ ਪਾਤ ਤੋਂ ਵਰਜਣ ਦੇ ਦਿੱਤੇ ਗਏ ਸੰਦੇਸ਼ ਨੂੰ ਉਨ੍ਹਾਂ ਨੇ ਅੱਜ ਦੇ ਸਮਾਜ ਦੀ ਵੱਡੀ ਲੋੜ ਵੀ ਦੱਸਿਆ। ਇਸ ਮੌਕੇ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਮੈਂਬਰ ਮਨਮੋਹਨ ਸਿੰਘ, ਇੰਦਰਜੀਤ ਸਿੰਘ ਮੌਂਟੀ ਤੇ ਅਮਰਜੀਤ ਸਿੰਘ ਪਿੰਕੀ ਮੌਜੂਦ ਸਨ।