ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੂੰ ਇੱਕ ਨੰਬਰ ਦਾ ਝੂਠਾ ਕਰਾਰ ਦਿੱਤਾ ਜਾਣਾ, ਨਾ ਕੇਵਲ ਹਾਸੋਹੀਣਾ ਹੈ, ਸਗੋਂ ਸਿੱਖਾਂ ਦੀ ਸਰਵੁੱਚ ਧਾਰਮਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਕ ਗਰਿਮਾ ਪੁਰ ਡੂੰਘੀ ਸੱਟ ਮਾਰਨ ਦੇ ਤੁਲ ਵੀ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ. ਬਾਦਲ ਪਿਛਲੇ ਲਗਭਗ 6 ਵਰ੍ਹਿਆਂ ਤੋਂ ਆਪਣੇ ਲਿਫਾਫੇ ਰਾਹੀਂ, ਉਸ ਜ. ਅਵਤਾਰ ਸਿੰਘ ਮਕੱੜ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਜ਼ਿਮੇਂਦਾਰੀਆਂ ਸੌਂਪਦੇ ਚਲੇ ਆ ਰਹੇ ਹਨ, ਜੋ ਉਨ੍ਹਾਂ ਦੇ ਮੁਤਾਬਕ ਹੀ ਇੱਕ ਨੰਬਰ ਦਾ ਝੂਠਾ ਹੈ। ਉਨ੍ਹਾਂ ਪੁਛਿਆ ਕਿ ਜੇ ਉਹ (ਜ. ਮਕੱੜ) ਸੱਚਮੁੱਚ ਹੀ ਇੱਕ ਨੰਬਰ ਦਾ ਝੂਠਾ ਹੈ, ਤਾਂ ਫਿਰ ਉਹ ਉਸਨੂੰ ਇਤਨੀ ਵੱਡੀ ਧਾਰਮਕ ਸੰਸਥਾ ਦੇ ਪ੍ਰਧਾਨ ਦੀਆਂ ਜ਼ਿਮੇਂਦਾਰੀਆਂ ਕਿਉਂ ਸੌਂਪਦੇ ਚਲੇ ਆ ਰਹੇ ਹਨ? ਸ. ਸਰਨਾ ਨੇ ਹੋਰ ਪੁਛਿਆ ਕਿ ਕੀ ਇਹ ਸੱਚ ਨਹੀਂ, ਕਿ ਜ. ਮਕੱੜ ਉਹ ਵਿਅਕਤੀ ਹਨ, ਜੋ ਸ. ਬਾਦਲ ਪਾਸੋਂ ਪੁਛੇ ਅਤੇ ਉਨ੍ਹਾਂ ਦੀ ਮਰਜ਼ੀ ਬਿਨਾ ਇੱਕ ਤੀਲਾ ਤੱਕ ਨਹੀਂ ਤੋੜ ਸਕਦੇ, ਉਹ ਉਨ੍ਹਾਂ ਦੀ ਮਰਜ਼ੀ ਅਤੇ ਪ੍ਰਵਾਨਗੀ ਬਿਨਾ ਦਰਬਾਰ ਸਾਹਿਬ ਕੰਪਲੈਕਸ ਵਿੱਚ ਨੀਲਾ ਤਾਰਾ ਸਾਕੇ ਦੇ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦਾ ਇਤਨਾ ਵੱਡਾ ਫੈਸਲਾ ਕਿਵੇਂ ਆਪਣੇ-ਆਪ ਕਰ ਸਕਦੇ ਸਨ?
ਸ. ਸਰਨਾ ਨੇ ਕਿਹਾ ਕੀ ਇਹ ਸੱਚਾਈ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਆਪ ਕਦਮ-ਕਦਮ ਤੇ ਝੂਠ ਬੋਲਣ ਦੇ ਆਦੀ ਹੋ ਚੁਕੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਝੂਠ ਦਾ ਸਹਾਰਾ ਲਏ ਬਿਨਾ ਉਨ੍ਹਾਂ ਦੇ ਪਰਿਵਾਰਕ ਅਕਾਲੀ ਦਲ (ਬਾਦਲ) ਦੀ ਦੁਕਾਨ ਨਹੀਂ ਚਲ ਸਕਦੀ। ਉਨ੍ਹਾਂ ਦਸਿਆ ਕਿ ਅਜੇ ਹਾਲ ਵਿੱਚ ਹੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ (ਸ. ਬਾਦਲ) ਦੀ ਸਹਿਮਤੀ ਨਾਲ ਦਰਬਾਰ ਸਾਹਿਬ ਪੁਰ ਫੌਜੀ ਕਾਰਵਾਈ ਹੋਣ ਦਾ ਖੁਲਾਸਾ ਕੀਤਾ, ਤਾਂ ਪਹਿਲਾਂ ਤਾਂ ਉਨ੍ਹਾਂ ਇਹ ਝੂਠ ਬੋਲ ਕੇ ਆਪਣਾ ਬਚਾਉ ਕੀਤਾ ਕਿ ਉਹ ਤਾਂ ਨੀਲਾ ਤਾਰਾ ਸਾਕੇ ਦੇ ਸਮੇਂ ਜੇਲ੍ਹ ਵਿੱਚ ਸਨ, ਪਰ ਜਦੋਂ ਕੈਪਟਨ ਨੇ ਉਨ੍ਹਾਂ ਦੇ ਜੇਲ੍ਹ ਤੋਂ ਬਾਹਰ ਹੋਣ ਅਤੇ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਨਰਸਿਮ੍ਹਾਂ ਰਾਉ ਨਾਲ ਇਕਲਿਆਂ ਮੁਲਾਕਾਤ ਕਰ, ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਕਰਨ ਪ੍ਰਤੀ ਸਹਿਮਤੀ ਦੇਣ ਦੇ ਸਬੂਤ ਪੇਸ਼ ਕੀਤੇ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਗ੍ਰਿਫਤਾਰੀ ਸਾਕੇ ਤੋਂ ਬਾਅਦ ਹੋਈ ਸੀ।
ਸ. ਸਰਨਾ ਨੇ ਹੋਰ ਕਿਹਾ ਕਿ ਜਾਪਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦਾ ਜ. ਮਕੱੜ ਤੋਂ ਦਿਲ ਭਰ ਚੁਕਾ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਜ. ਮਕੱੜ ਦਾ ਸ਼ਹਿਰੀ ਤੇ ਭਾਪਾ ਹੋਣ ਦਾ ਮੁਖੌਟਾ ਹੁਣ ਉਨ੍ਹਾਂ ਦੇ ਕਿਸੇ ਕੰਮ ਦਾ ਨਹੀਂ ਰਹਿ ਗਿਆ ਹੋਇਆ। ਇਸੇ ਕਰਕੇ ਉਹ ਹੁਣ ਉਸਦੀ ਬੇਇਜ਼ਤੀ ਕਰ, ਉਸਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ। ਸ. ਸਰਨਾ ਨੇ ਕਿਹਾ ਚੰਗਾ ਹੁੰਦਾ ਕਿ ਜੇ ਸ. ਬਾਦਲ ਆਪਣੇ ਅਥੱਕ ਵਫਾਦਾਰ ਰਹੇ ਜ. ਅਵਤਾਰ ਸਿੰਘ ਮਕੱੜ ਨੂੰ ਸਨਮਾਨਤ ਵਿਦਾਇਗੀ ਦੇਣ ਦਾ ਰਾਹ ਅਪਨਾਂਦੇ। ਉਨ੍ਹਾਂ ਕਿਹਾ ਕਿ ਜ. ਮਕੱੜ ਉਨ੍ਹਾਂ ਦੇ ਇੱਕ ਇਸ਼ਾਰੇ ਤੇ ਸਾਦੇ ਕਾਗਜ਼ ਤੇ ਦਸਤਖਤ ਕਰ, ਆਪਣਾ ਅਸਤੀਫਾ ਉਨ੍ਹਾਂ ਦੇ ਚਰਨਾਂ ਵਿੱਚ ਰਖ ਦਿੰਦੇ। ਪਰ ਸ਼ਾਇਦ ਵਫਾਦਰਾਂ ਨੂੰ ਸਨਮਾਨਤ ਵਿਦਾਇਗੀ ਦੇਣਾ ਸ. ਬਾਦਲ ਦੀ ਫਿਤਰਤ ਵਿੱਚ ਸ਼ਾਮਲ ਨਹੀਂ।