ਲੁਧਿਆਣਾ, (ਪ੍ਰੀਤੀ ਸ਼ਰਮਾ) – ‘‘ਉਦਯੋਗਪਤੀ ਅਤੇ ਵਪਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ ਪੰਜਾਬ ਸਰਕਾਰ ਉਦਯੋਗਾਂ ਨੂੰ ਪ੍ਰਫੁਲਤ ਕਰਨ ਲਈ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਇੰਡਸਟਰੀ ਤੇ ਕਾਮਰਸ ਵਿਭਾਗ ਮੰਤਰੀ ਪੰਜਾਬ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਗਿੱਲ ਰੋਡ ਲੁਧਿਆਣਾ ਵਿਖੇ ‘‘ਟੋਇਟਾ ਤਕਨੀਕੀ ਸਿੱਖਿਆ ਪ੍ਰੋਗਰਾਮ’’ ਅਧੀਨ ਟੋਇਟਾ ਕ੍ਰਿਸਲੋਸਕਰ ਦੇ ਸਹਿਯੋਗ ਨਾਲ ਸੰਸਥਾ ਵਿਖੇ ਤਕਰੀਬਨ 50 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਬਾਡੀ ਐਂਡ ਪੇਂਟ ਵਰਕਸ਼ਾਪ ਦਾ ਉੁਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਉਹਨਾਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸਿਖਿਆਰਥੀਆਂ ਨੂੰ ਗੱਡੀਆਂ ਦੇ ਇੰਜਣ ਅਤੇ ਬਾਡੀ ਰਿਪੇਅਰ ਦੀ ਬਾਰੀਕੀਆਂ ਦੀ ਜਾਣਕਾਰੀ ਕੰਪਨੀ ਅਤੇ ਆਈ.ਟੀ.ਆਈ.ਦੇ ਬਹੁਤ ਹੀ ਮਾਹਿਰ ਟਰੇਨਰਾਂ ਵੱਲੋਂ ਦਿੱਤੀ ਜਾਏਗੀ, ਜਿਸ ਨਾਲ ਵਿਦਿਆਰਥੀ ਅੱਜ ਦੇ ਤਕਨੀਕੀ ਯੁੱਗ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣਗੇ। ਉਹਨਾਂ ਕਿਹਾ ਕਿ ਅੱਜ ਦੀ ਯੁਗ ਵਿੱਚ ਹਰੇਕ ਵਿਦਿਆਰਥੀ ਨੂੰ ਤਕਨੀਕੀ ਸਿੱਖਿਆ ਦਾ ਗਿਆਨ ਹੋਣਾ ਬਹੁਤ ਜਰੂਰੀ ਤਾਂ ਜੋ ਉਹ ਵਧੀਆ ਜਿੰਦਗੀ ਜੀਉਣ ਲਈ ਰੋਜ਼ਗਾਰ ਕਮਾ ਸਕਣ।
ਸ੍ਰੀ ਮਿੱਤਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਦਯੋਗਪਤੀਆਂ ਦੇ ਅਜਿਹੇ ਯਤਨ ਸਰਕਾਰਾਂ ਲਈ ਬਹੁਤ ਹੀ ਲਾਹੇਵੰਦ ਹਨ, ਕਿਉਂਕਿ ਜਿੱਥੇ ਸਵੈ-ਰੋਜ਼ਗਾਰ ਨਾਲ ਦੇਸ਼ ਵਿੱਚੋਂ ਬੇਰੋਜ਼ਗਾਰੀ ਦਾ ਖਾਤਮਾ ਹੁੰਦਾ ਹੈ, ਉਥੇ ਅਮਨ-ਕਾਨੂੰਨ ਦੀ ਵਿਵਸਥਾ ਵੀ ਠੀਕ ਬਣੀ ਰਹਿੰਦੀ ਹੈ ਅਤੇ ਭਾਈਚਾਰਕ ਸਾਂਝ ਨਾਲ ਹੀ ਕੋਈ ਦੇਸ਼ ਜਾਂ ਸੂਬਾ ਤਰੱਕੀ ਕਰ ਸਕਦਾ ਹੈ। ਉਹਨਾਂ ਕਿਹਾ ਵਪਾਰੀ ਅਤੇ ਉਦਯੋਗਪਤੀ ਸਰਕਾਰ ਨੂੰ ਟੈਕਸ ਦੇ ਸੁੂਬੇ ਦੇ ਵਿਕਾਸ ਵਿੱਚ ਅਤੇ ਬੇਰੋਜ਼ਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਕੇ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਪੰਜਾਬ ਸਰਕਾਰ ਵੀ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਇਹ ਬੜੇ ਹੀ ਦੁਖ ਦੀ ਗੱਲ ਹੈ ਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਹਮੇਸਾਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਕੇਂਦਰ ਵੱਲੋਂ ਜਾਣ-ਬੁੱਝ ਕੇ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਪੱਧਰ ਤੇ ਰਿਆਇਤਾਂ ਦਿੱਤੀਆਂ ਗਈਆਂ ਜਿਸ ਨਾਲ ਪੰਜਾਬ ਦੀ ਸਨਅਤ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਦੇ ਹਿੱਤਾਂ ਦੀ ਰਖਵਾਲੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਹਨਾਂ ਨੂੰ ਨਵੀਆਂ ਇੰਡਸਟਰੀਆਂ ਸਥਾਪਿਤ ਕਰਨ ਲਈ ਵਿਸੇਰਿਆਇਤਾਂ ਦਿੱਤੀਆਂ ਜਾ ਰਹੀਆ ਹਨ।
ਸ੍ਰੀ ਮਿੱਤਲ ਨੇ ਸਮਾਗਮ ਵਿੱਚ ਹਾਜ਼ਰ ਉੁਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਉਚ ਕੁਆਲਟੀ ਦੇ ਪ੍ਰੋਡਕਟ ਤਿਆਰ ਕਰਨ, ਕਿਉਂਕਿ ਉਚ ਪੱਧਰੀ ਕੁਆਲਟੀ ਦੇ ਉਤਪਾਦਾਂ ਨਾਲ ਉਹ ਅੱਜ ਵਿਸ਼ਵ ਦੀਆਂ ਚਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕਦੇ ਹਨ ਅਤੇ ਉਹਨਾਂ ਨੂੰ ਆਪਣੇ ਤਿਆਰ ਪ੍ਰੋਡਕਟ ਵੇਚਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਇਸ ਮੌਕੇ ਉਦਯੋਗਪਤੀ ਸ੍ਰੀ ਐਸ.ਐਸ. ਭੋਗਲ ਨੇ ਕਿਹਾ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਇੱਥੋ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਫੈਕਟਰੀਆਂ ਵਿੱਚ ਬਹੁਤ ਹੀ ਮੰਗ ਹੈ, ਕਿਉਕਿ ਅੱਜ ਇੱਥੇ ਸਿੱਖਿਆ ਦਾ ਮਿਆਰ ਹੋਰਨਾਂ ਸੰਸਥਾਵਾਂ ਨਾਲੋਂ ਕਾਫੀ ਉਚਾ ਹੈ। ਉਹਨਾਂ ਆਪਣੇ ਪੁਰਾਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਅੱਜ ਤੋਂ 10-12 ਸਾਲ ਪਹਿਲਾਂ ਉਦਯੋਗਪਤੀ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਆਪਣੇ ਉਦਯੋਗ ਵਿੱਚ ਨੌਕਰੀ ਦੇਣ ਤੋਂ ਗੁਰੇਜ਼ ਕਰਦੇ ਸਨ, ਪ੍ਰਤੂੰ ਹੁਣ ਸਾਰੀਆਂ ਇੰਡਸਟਰੀਆਂ ਵੱਲੋਂ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ‘ਤੇ ਆਪਣੀਆਂ ਫੈਕਟਰੀਆਂ ਵਿੱਚ ਨੌਕਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸ੍ਰੀ ਮਿੱਤਲ ਨੇ ਕੁਦਰਤ ਨੂੰ ਹਰਾ-ਭਰਾ ਬਣਾਉਣ ਹਿੱਤ ਆਈ.ਟੀ.ਆਈ. ਵਿੱਚ ਪੌਦੇ ਵੀ ਲਗਾਏ। ਇਸ ਮੌਕੇ ਸ੍ਰੀ ਰਾਕੇਸ਼ ਵਰਮਾ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਸ੍ਰੀਮਤੀ ਦਲਜੀਤ ਕੌਰ ਸਿੱਧੂ ਐਡੀਸ਼ਨਲ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਸ੍ਰੀ ਰਾਜੇਸ਼ ਮੈਨਨ ਡਿਪਟੀ ਜਨਰਲ ਮੈਨੇਜ਼ਰ ਟੋਇਟਾ, ਸ੍ਰੀ ਚਰਨਜੀਤ ਸਿੰਘ ਵਿਸ਼ਵਕਰਮਾ, ਸ੍ਰੀ ਇੰਦਰਜੀਤ ਨਾਗਪਾਲ, ਸ੍ਰੀ ਐਸ.ਐਸ. ਭੋਗਲ, ਸ੍ਰੀ ਅਰੁਣ ਗੋਇਲ, (ਚਾਰੇ ਉਦਯੋਗਪਤੀ) ਪ੍ਰਿੰਸੀਪਲ ਆਈ.ਟੀ.ਆਈ. ਸ੍ਰੀ ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਉਦਯੋਗਪਤੀ ਅਤੇ ਵਪਾਰੀ ਹਾਜ਼ਰ ਸਨ।