ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਪਾਸੋਂ ਕੀਰਤਨ ਕਰਵਾਉਣ ਤੇ ਆਪਣਾ ਪ੍ਰਤਿਕ੍ਰਮ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਿਲਡਿੰਗ ਕਮੇਟੀ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਸਰਨਾ ਭਰਾਵਾਂ ਨੂੰ ਪੰਥਦੋਖੀ ਕਰਾਰ ਦਿੱਤਾ ਹੈ। ਭੋਗਲ ਨੇ ਪੰਥਕ ਰਿਵਾਇਤਾ ਦਾ ਹਵਾਲਾ ਦਿੰਦੇ ਹੋਏ ਸਰਨਾ ਭਰਾਵਾਂ ਤੋਂ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਨੇ ਪੰਥ ਤੋਂ ਛੇਕੇ ਗਏ ਪ੍ਰੋ. ਦਰਸ਼ਨ ਸਿੰਘ ਤੋਂ ਕੀਰਤਨ ਕਰਵਾ ਕੇ ਦਿੱਲੀ ਦੀ ਸੰਗਤਾ ਨੂੰ ਕਿ ਇਹ ਸੁਨੇਹਾ ਦੇਣ ਦਾ ਕਾਰਜ ਕੀਤਾ ਹੈ ਕਿ ਓਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਪਹਿਲੇ ਵਾਂਗ ਅੱਗੇ ਵੀ ਚੁਨੌਤੀ ਦਿੰਦੇ ਰਹਿਣਗੇ?
ਸਰਨਾ ਵਲੋਂ ਦਿੱਲੀ ਕਮੇਟੀ ਚੋਣਾਂ ਤੋਂ ਪਹਿਲੇ ਆਪਣੇ ਸਿਆਸੀ ਮੁਫਾਦ ਵਾਸਤੇ ਪ੍ਰੋ. ਦਰਸ਼ਨ ਸਿੰਘ ਦਾ ਸਾਥ ਛੱਡਣ ਕਰਕੇ ਉਨ੍ਹਾਂ ਨੂੰ ਮੌਕਾਪ੍ਰਸਤ ਐਲਾਨਦੇ ਹੋਏ ਭੋਗਲ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਵਰਗੇ ਵਕਾਰੀ ਅਹੁਦੇ ਤੇ ਸੇਵਾ ਨਿਭਾਉਣ ਅਤੇ ਇਕ ਜੱਥੇਬੰਦੀ ਦੇ ਪ੍ਰਧਾਨ ਹੋਣ ਦੇ ਬਾਅਦ ਵੀ ਸਰਨਾ ਆਪਣੀ ਵਿਚਾਰਧਾਰਾ ਨੂੰ ਅੱਜ ਤਕ ਦਿੱਲੀ ਦੀ ਸੰਗਤ ਦੇ ਸਾਹਮਣੇ ਸਾਫ ਨਹੀਂ ਕਰ ਸਕੇ ਹਨ। ਨਾਨਕਸ਼ਾਹੀ ਕੈਲੰਡਰ ਅਤੇ ਪ੍ਰੋ. ਦਰਸ਼ਨ ਸਿੰਘ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੇ ਸਰਨਾ ਵਲੋਂ ਸੰਗਤਾ ਨੂੰ ਭੰਬਲਭੁਸੇ ਵਿਚ ਪਾਉਣ ਦਾ ਆਰੋਪ ਲਗਾਉਂਦੇ ਹੋਏ ਭੋਗਲ ਨੇ ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਚੁਨੌਤੀ ਨਾ ਦੇਣ ਦੀ ਵੀ ਅਪੀਲ ਕੀਤੀ। ਭੋਗਲ ਨੇ ਸੰਗਤਾ ਨੂੰ ਸਰਨਾ ਵਲੋਂ ਗੁਮਰਾਹ ਕਰਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਸੰਗਤ ਪਹਿਲੇ ਹੀ ਤਖਤ ਸਾਹਿਬ ਦੀ ਮਰਿਆਦਾ ਤੇ ਪਹਿਰਾ ਦੇਣ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਸੌਂਪ ਕੇ ਸਰਨਾ ਭਰਾਵਾਂ ਨੂੰ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਕਰਵਾ ਚੁੱਕੀ ਹੈ, ਪਰ ਫਿਰ ਵੀ ਸਰਨਾ ਭਰਾ ਕੌਮ ਦੇ ਵਿਚ ਵੰਡੀਆਂ ਪਾਉਣ ਦੇ ਹੱਥਕੰਡੇ ਵਰਤਣ ਤੋਂ ਬਾਜ ਨਾ ਆਕੇ ਸੰਗਤਾ ਵਲੋਂ ਨਕਾਰੇ ਜਾਉਣ ਦਾ ਗੁੱਸਾ ਤਖਤ ਦੇ ਆਦੇਸ਼ਾ ਨੂੰ ਠੇਂਗਾ ਦਿਖਾ ਕੇ ਕੱਢ ਰਹੇ ਹਨ।