ਚੰਡੀਗੜ੍ਹ – “ਪੰਜਾਬ ਸੂਬੇ ਵਿਚ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਮੈਰਿਜ਼ ਪੈਲਿਸਾਂ ਉਤੇ ਲਗਾਏ ਗਏ 25 ਹਜ਼ਾਰ ਰੁਪਏ ਹਰ ਸ਼ਾਂਦੀ ਦੇ ਟੈਕਸ, ਮੱਧਵਰਗੀ ਅਤੇ ਸਧਾਰਣ ਲੜਕੀ ਵਾਲੇ ਪਰਿਵਾਰਾਂ ਉਤੇ ਬਹੁਤ ਵੱਡਾ ਅਸਹਿ ਬੋਝ ਹੈ । ਜਦੋਕਿ ਮੱਧਵਰਗੀ ਅਤੇ ਸਧਾਰਣ ਲੜਕੀਆਂ ਦੇ ਪਰਿਵਾਰਾਂ ਨੇ ਆਪਣੀਆਂ ਬੇਟੀਆਂ ਦੇ ਵਿਆਹ ਦੇ ਖਰਚਿਆਂ ਨੂੰ ਬਹੁਤ ਮੁਸ਼ਕਿਲ ਨਾਲ ਪੂਰਾ ਕਰਨਾ ਹੁੰਦਾ ਹੈ । ਇਕ ਪਾਸੇ ਬਾਦਲ ਪਰਿਵਾਰ ਦੀ ਨੰਨ੍ਹੀ ਛਾਂ ਲੜਕੀਆਂ ਦੇ ਅੱਛੇ ਪਾਲਣ-ਪੋਸ਼ਣ ਅਤੇ ਉਹਨਾਂ ਨੂੰ ਸਮਾਜ ਵਿਚ ਬਰਾਬਰਤਾ ਦੇ ਹੱਕ ਦਿਵਾਉਣ ਦੀ ਗੱਲ ਕਰਦੇ ਹਨ, ਦੂਸਰੇ ਪਾਸੇ ਇਸੇ ਨੰਨ੍ਹੀ ਛਾਂ ਦੇ ਭਰਾਂ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਸਮੈਕ, ਗਾਂਜਾ, ਭੁੱਕੀ, ਅਫ਼ੀਮ, ਚਰਸ ਆਦਿ ਦੇ ਸਮੱਗਲਰਾਂ ਦੀ ਹਰ ਤਰ੍ਹਾਂ ਸਰਪ੍ਰਸਤੀ ਕਰਕੇ ਪੰਜਾਬ ਦੀ ਨੌਜ਼ਵਾਨੀ ਨੂੰ ਨਸਿ਼ਆਂ ਧਕੇਲਕੇ ਨੌਜ਼ਵਾਨੀ ਦੇ ਜੀਵਨ ਅਤੇ ਸਾਡੀਆਂ ਬੀਬੀਆਂ ਅਤੇ ਪਰਿਵਾਰਾਂ ਦੇ ਜੀਵਨ ਵਿਚ ਜ਼ਹਿਰ ਘੋਲ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ-ਬੀਜੇਪੀ ਹਕੂਮਤ ਵੱਲੋਂ ਲੜਕੀ ਵਾਲੇ ਪਰਿਵਾਰਾਂ ਉਤੇ 25 ਹਜ਼ਾਰ ਰੁਪਏ ਦੇ ਵੱਡੇ ਬੋਝ ਪਾਏ ਜਾਣ ਦੇ ਅਮਲਾਂ ਅਤੇ ਬਾਦਲ ਪਰਿਵਾਰ ਵਿਚ ਹੀ ਦੋ-ਧਾਰੀ ਐਕਸ਼ਨ, ਇਕ ਵੋਟਰਾਂ ਨੂੰ ਭਰਮਾਉਣ ਲਈ ਨੰਨ੍ਹੀ ਛਾਂ ਦਾ ਬੀਬੀਆਂ ਦੇ ਸਤਿਕਾਰ-ਮਾਣ ਦੀ ਗੱਲ ਕਰਨਾ ਅਤੇ ਦੂਸਰੇ ਸ. ਮਜੀਠੀਏ ਵੱਲੋ ਸਮਾਜ ਵਿਰੋਧੀ ਅਮਲ ਕਰਕੇ ਧਨ-ਦੌਲਤਾਂ ਦੇ ਭੰਡਾਰ ਇਕੱਠੇ ਕਰਨ ਦੇ ਕੀਤੇ ਜਾ ਰਹੇ ਸਮਾਜ ਵਿਰੋਧੀ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਜੋਕੇ ਸਮਾਜ ਵਿਚ ਵਿਸੇਸ ਤੌਰ ਤੇ ਸਿੱਖ ਧਰਮ ਦੇ ਸੱਭਿਆਚਾਰ ਵਿਚ ਸਮਾਜਿਕ ਵਿਤਕਰੇ ਨੂੰ ਜੜ੍ਹੋ ਖ਼ਤਮ ਕਰਨ ਲਈ ਜਦੋ ਅਵਾਜ਼ ਉੱਠ ਰਹੀ ਹੈ ਅਤੇ ਬੀਬੀਆਂ ਦੇ ਹੱਕਾਂ ਦੀ ਰਾਖੀ ਲਈ ਅਤੇ ਉਹਨਾਂ ਨੂੰ ਬਰਾਬਰਤਾ ਦਾ ਸਤਿਕਾਰ ਦੇਣ ਦੇ ਲਈ ਉਦਮ ਹੋ ਰਹੇ ਹਨ, ਉਸ ਸਮੇਂ ਮੱਧਵਰਗੀ ਤੇ ਸਧਾਰਣ ਲੜਕੀ ਵਾਲੇ ਪਰਿਵਾਰਾਂ ਨਾਲ ਵੱਡਾ ਜ਼ਬਰ-ਜੁਲਮ ਕਰਦੇ ਹੋਏ ਪੰਜਾਬ ਸਰਕਾਰ ਵੱਲੋ ਗੈਰ ਦਲੀਲ ਢੰਗਾਂ ਰਾਹੀ ਟੈਕਸ ਲਗਾਉਣ ਦੇ ਅਮਲ ਪੰਜਾਬ ਦੀ ਬਾਦਲ-ਹਕੂਮਤ ਦੀ ਦਿਸ਼ਾਹੀਨ ਸੋਚ ਅਤੇ ਨੀਤੀਆਂ ਨੂੰ ਪ੍ਰਤੱਖ ਕਰਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾ ਇਹ ਚਾਹਵੇਗਾ ਕਿ ਮੈਰਿਜ਼ ਪੈਲਿਸ ਤਾਂ ਉੱਚ ਪਰਿਵਾਰਾਂ ਅਤੇ ਧਨਾਢਾਂ ਦੀ ਸੋਚ ਦਾ ਨਤੀਜਾ ਹਨ । ਜਦੋ ਇਕ ਲੜਕੀ ਵਾਲਾ ਪਰਿਵਾਰ ਉਸਦੇ ਦਾਜ-ਦਹੇਜ ਦਾ ਹੀ ਬਹੁਤ ਮੁਸ਼ਕਿਲ ਨਾਲ ਬਜਟ ਪੂਰਾ ਕਰਦਾ ਹੈ ਉਸ ਸਮੇਂ ਅਜਿਹੇ ਮਹਿੰਗੇ ਮੈਰਿਜ਼ ਪੈਲਿਸਾਂ ਦੀ ਥਾਂ ਆਪਣੇ ਘਰਾਂ ਜਾਂ ਸਾਂਝੀਆਂ ਧਰਮਸਾਲਾਵਾਂ ਜਾਂ ਜੋਰ ਸਾਂਝੇ ਸਮਾਜਿਕ ਸਥਾਨਾਂ ਵਿਖੇ ਹੀ ਸ਼ਾਂਦੀਆਂ ਕਰਨ ਦੀ ਦ੍ਰਿੜਤਾ ਨਾਲ ਪੈਰਵੀ ਕੀਤੀ ਜਾਵੇ ਤਾਂ ਇਹ ਜਿਥੇ ਮਾਲੀ ਤੌਰ ਤੇ ਲੜਕੀ ਵਾਲੇ ਪਰਿਵਾਰਾਂ ਲਈ ਇਕ ਵੱਡਾ ਸਹਿਯੋਗ ਦਾ ਕਾਰਜ ਬਣ ਸਕਦਾ ਹੈ, ਉਥੇ ਲੋਕ ਦਿਖਾਵੇ ਦੇ ਮਹਿੰਗੇ ਅਮਲਾਂ ਤੋ ਵੀ ਮੱਧਵਰਗੀ ਅਤੇ ਸਧਾਰਣ ਪਰਿਵਾਰਾਂ ਦਾ ਖਹਿੜਾ ਛੁੱਟ ਸਕਦਾ ਹੈ । ਉਹਨਾਂ ਕਿਹਾ ਕਿ ਇਹ ਵੀ ਆਮ ਤੌਰ ਤੇ ਅਮਲ ਵਿਚ ਵੇਖਿਆ ਗਿਆ ਹੈ ਕਿ ਬਾਹਰਲੇ ਮੁਲਕਾਂ ਤੋ ਆਉਣ ਵਾਲੇ ਲਾੜੇ ਮੱਧਵਰਗੀ ਅਤੇ ਸਧਾਰਣ ਪਰਿਵਾਰਾਂ ਦੀਆਂ ਸੁਘੜ ਸਿਆਣੀਆਂ ਤੇ ਪੜ੍ਹੀਆਂ-ਲਿਖੀਆਂ ਲੜਕੀਆਂ ਨਾਲ ਸ਼ਾਂਦੀ ਕਰਨ ਨੂੰ ਤਾ ਰਜਾਮੰਦ ਹੋ ਜਾਂਦੇ ਹਨ ਪਰ ਉਹ ਮਹਿੰਗੇ ਮੈਰਿਜ਼ ਪੈਲਿਸਾਂ ਦੀ ਮੰਗ ਰੱਖਕੇ ਉਸ ਲੜਕੀ ਵਾਲੇ ਪਰਿਵਾਰ ਉਤੇ ਬੋਝ ਪਾ ਦਿੰਦੇ ਹਨ ।ਜਦੋਕਿ ਸਾਨੂੰ ਗੁਰੂ ਸਾਹਿਬਾਨ ਨੇ ਅਤੇ ਗੁਰਬਾਣੀ ਨੇ ਸਾਦੇ ਢੰਗਾਂ ਰਾਹੀ ਲੋਕ ਵਿਖਾਵੇ ਤੋ ਰਹਿਤ ਰਹਿਕੇ “ਆਨੰਦ-ਕਾਰਜ” ਕਰਨ ਦੀ ਹਦਾਇਤ ਕੀਤੀ ਹੈ ਅਤੇ ਸਾਨੂੰ ਗੁਰਸਿੱਖਾਂ ਨੂੰ ਉਸ ਮਹਾਨ ਸੋਚ ਤੇ ਪਹਿਰਾ ਦੇਕੇ ਸਮਾਜ ਵਿਚ ਦਿਨ-ਬ-ਦਿਨ ਪੈਦੀਆਂ ਜਾ ਰਹੀਆਂ ਮਹਿੰਗੀਆਂ ਅਤੇ ਸਾਡੇ ਸੱਭਿਆਚਾਰ ਦੇ ਉਲਟ ਰਵਾਇਤਾਂ ਨੂੰ ਪਨਪਨ ਤੋ ਰੋਕਣ ਵਿਚ ਅੱਗੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਉਹਨਾਂ ਮੰਗ ਕੀਤੀ ਕਿ ਮੈਰਿਜ਼ ਪੈਲਿਸਾਂ ਉਤੇ ਲਗਾਏ ਗਏ ਵਾਧੂ ਟੈਕਸ ਤੁਰੰਤ ਵਾਪਿਸ ਲੈਕੇ ਪੰਜਾਬ ਦੀ ਬਾਦਲ ਹਕੂਮਤ ਲੜਕੀ ਵਾਲੇ ਪਰਿਵਾਰਾਂ ਦੀ ਬਹਿਤਰੀ ਲਈ ਅਮਲ ਕਰੇ ।