ਪਟਿਆਲਾ – ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਲੂਸਟਾਰ ਅਪਰੇਸ਼ਨ ਦਾ ਭਾਰੀ ਵਿਰੋਧ ਉਦੋਂ ਵੀ ਕੀਤਾ ਸੀ, ਅੱਜ ਵੀ ਕਰਦਾ ਹਾਂ ਅਤੇ ਭਵਿੱਖ ਵਿੱਚ ਵੀ ਕਰਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਮੈਂ ਬਾਦਲ ਦੀ ਤਰ੍ਹਾਂ ਮੌਕਾ ਵੇਖ ਕੇ ਸਟੈਂਡ ਨਹੀਂ ਬਦਲਦਾ। ਕੈਪਟਨ ਨੇ ਕਿਹਾ ਕਿ ਬਲੂਸਟਾਰ ਦੇ ਵਿਰੋਧ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਮੈਂਬਰਸਿ਼ੱਪ ਅਤੇ ਲੋਕਸਭਾ ਦੇ ਸਾਂਸਦ ਮੈਂਬਰ ਦਾ ਅਹੁਦਾ ਤਿਆਗ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਬਾਦਲ ਅੱਜ ਤੱਕ ਦੋਗਲੀ ਰਾਜਨੀਤੀ ਖੇਡ ਰਿਹਾ ਹੈ। 28 ਮਾਰਚ 1984 ਨੂੰ ਬਾਦਲ ਅਤੇ ਨਰਸਿਮਾ ਰਾਵ ਦੇ ਦਰਮਿਆਨ ਹੋਈ ਗੱਲਬਾਤ ਦੀ ਜਾਣਕਾਰੀ ਸਿੱਖ ਕੌਮ ਨੂੰ ਦਿੱਤੀ ਜਾਣੀ ਚਾਹੀਦੀ ਹੈ।
ਕੈਪਟਨ ਨੇ ਕਿਹਾ ਕਿ ਬਾਦਲ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੱਧਦੇ ਕਦ ਨੂੰ ਵੇਖ ਕੇ ਡਰ ਗਏ ਸਨ। ਇਸ ਲਈ ਬਾਦਲ ਨੇ ਇੱਕ ਪਾਸੇ ਭਿੰਡਰਾਂਵਾਲੇ ਦੇ ਖਿਲਾਫ਼ ਫੌਜੀ ਕਾਰਵਾਈ ਦੀ ਸਿਫਾਰਸ਼ ਕੀਤੀ ਅਤੇ ਦੂਸਰੇ ਪਾਸੇ ਬਾਦਲ ਖੁਦ ਗੁਰਜੰਟ ਸਿੰਘ ਰਾਜਸਥਾਨੀ ਦੀ ਅਗਵਾਈ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਲ ਜੁੜ ਗਏ।
ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਬਾਦਲ ਦੇ ਚਮਚੇ ਸਚਾਈ ਅਤੇ ਇਤਿਹਾਸ ਜਾਣੇ ਬਿਨਾਂ ਹੀ ਉਸ ਦੇ ਹੱਕ ਵਿੱਚ ਬਿਆਨ ਦਾਗ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਢੀਂਢਸਾ ਸੰਗਰੂਰ ਤੋਂ ਲੋਕਸਭਾ ਦੀ ਚੋਣ ਲੜਨਾ ਚਾਹੁੰਦਾ ਹੈ ਅਤੇ ਭੂੰਦੜ ਬਾਦਲ ਦੀ ਚਮਚਾਗਿਰੀ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਨੇ ਆਪਣੇ ਚਮਚਿਆਂ ਦੇ ਪਿੱਛੇ ਛੁੱਪ ਕੇ ਉਨ੍ਹਾਂ ਤੇ ਲਗੇ ਆਰੋਪਾਂ ਦੀ ਸਚਾਈ ਨੂੰ ਸਾਬਿਤ ਕਰ ਦਿੱਤਾ ਹੈ।