ਨਵੀਂ ਦਿੱਲੀ – ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੋਮਵਾਰ ਨੂੰ ਲੋਕਸਭਾ ਵਿੱਚ ਯੂਪੀਏ ਸਰਕਾਰ ਦੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਯੂਪੀਏ ਦੇ ਦੋਵਾਂ ਕਾਰਜਕਾਲਾਂ ਦੌਰਾਨ ਸਰਕਾਰ ਦੀਆਂ ਯੋਜਨਾਵਾਂ ਅਤੇ ਉਪਲੱਭਦੀਆਂ ਦਾ ਗੁਣਗਾਨ ਕੀਤਾ। ਇਸ ਬਜਟ ਵਿੱਚ ਸੈਨਾ ਦੇ ਜਵਾਨਾਂ ਅਤੇ ਦੇਸ਼ ਦੇ ਜਵਾਨਾਂ ਨੂੰ ਲੁਭਾਉਣ ਦਾ ਯਤਨ ਕੀਤਾ ਗਿਆ ਹੈ।
ਚਿਦੰਬਰਮ ਦੇ ਇਸ ਬਜਟ ਵਿੱਚ ਐਕਸਾਈਜ਼ ਡਿਊਟੀ ਘੱਟ ਕਰਨ ਨਾਲ ਛੋਟੀਆਂ ਗੱਡੀਆਂ ,ਮੋਟਰਸਾਈਕਲ, ਐਸਯੂਵੀ,ਦੇਸ਼ ਵਿੱਚ ਬਣਨ ਵਾਲੇ ਮੋਬਾਇਲ ਹੈਂਡਸੈਟ, ਟੀਵੀ, ਫਰਿਜ਼ ਅਤੇ ਸਾਬਣ ਦੇ ਰੇਟ ਘੱਟ ਹੋਣਗੇ।
ਕੇਂਦਰ ਸਰਕਾਰ ਨੇ ਸੈਨਾ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ‘ਵੰਨ ਰੈਂਕ ਵੰਨ ਪੈਨਸ਼ਨ’ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਹ ਯੋਜਨਾ ਇਸ ਸਾਲ ਤੋਂ ਲਾਗੂ ਹੋ ਜਾਵੇਗੀ। ਇਸ ਯੋਜਨਾ ਨਾਲ 29 ਲੱਖ ਤੋਂ ਵੱਧ ਸਾਬਕਾ ਫੌਜੀਆਂ ਨੂੰ ਲਾਭ ਮਿਲੇਗਾ। ਇਸ ਲਈ 500 ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਵਿੱਤ ਮੰਤਰੀ ਨੇ ਕਾਂਗਰਸ ਲਈ ਵੋਟ ਬੈਂਕ ਦਾ ਜੁਗਾੜ ਕੀਤਾ ਹੈ। ਦੇਸ਼ ਦੇ ਨੌਜਵਾਨਾਂ ਦੇ ਕੁਸ਼ਲ ਵਿਕਾਸ ਲਈ 1000 ਕਰੋੜ ਦਿੱਤੇ ਗਏ ਹਨ। ਵਿੱਤ ਮੰਤਰੀ ਨੇ 10 ਸਾਲਾਂ ਵਿੱਚ 10 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਹੈ। ਮਹਿਲਾਵਾਂ ਦੀ ਸੁਰੱਖਿਆ ਲਈ ਨਿਰਭੈਆ ਫੰਡ ਲਈ 100 ਕਰੋੜ ਦਿੱਤੇ ਗਏ ਹਨ।
ਵਿੱਤਮੰਤਰੀ ਨੇ ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਪੂਰਬ-ਉਤਰ ਦੇ ਰਾਜਾਂ ਦੇ ਵਿਕਾਸ ਲਈ 12 ਹਜ਼ਾਰ ਕਰੋੜ ਰੁਪੈ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੂੰ 29 ਹਜ਼ਾਰ ਕਰੋੜ, ਗ੍ਰਾਮੀਣ ਵਿਕਾਸ ਵਿਭਾਗ ਨੂੰ 82 ਹਜ਼ਾਰ 202 ਕਰੋੜ, ਘੱਟਗਿਣਤੀ ਮਾਮਲਿਆਂ ਦੇ ਵਿਭਾਗਾਂ ਨੂੰ ਤਿੰਨ ਹਜ਼ਾਰ 720 ਕਰੋੜ ਅਤੇ ਪੰਚਾਇਤੀਰਾਜ ਨੂੰ 7 ਹਜ਼ਾਰ ਕਰੋੜ ਰੁਪੈ ਵੰਡੇ ਹਨ।