ਨਵੀਂ ਦਿੱਲੀ : – ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਇਸਤਿਫਾ ਦੇਣ ਤੋਂ ਬਾਅਦ ਅੱਜ ਦੇ ਸਿਆਸੀ ਮਾਹੌਲ ਤੇ ਵਿਚਾਰ ਚਰਚਾ ਕਰਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਦਿੱਲੀ ਕਮੇਟੀ ਦੇ ਜਿੱਤੇ ਤੇ ਹਾਰੇ ਕਮੇਟੀ ਮੈਂਬਰ, ਨਿਗਮ ਪਾਰਸ਼ਦ, ਸਰਕਲ ਜੱਥੇਦਾਰ ਅਤੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਹੋਈ। ਜਿਸ ਵਿਚ ਦਿੱਲੀ ਵਿਖੇ ਮੁੜ੍ਹ ਤੋਂ ਵਿਧਾਨਸਭਾ ਚੋਣਾਂ ਦੀਆਂ ਬਣ ਰਹੀਆਂ ਸੰਭਾਵਨਾਵਾਂ ਕਰਕੇ ਕਾਰਕੁੰਨਾ ਨੂੰ ਕਮਰਕੱਸੇ ਕਰਣ ਦੀ ਹਿਦਾਇਤ ਦਿੰਦੇ ਹੋਏ ਜੀ.ਕੇ. ਨੇ ਕੇਜਰੀਵਾਲ ਨੂੰ ਆਪਣੇ ਵਾਅਦਿਆਂ ਨੂੰ ਪੂਰਾ ਨਾ ਕਰ ਸਕਣ ਦੇ ਹਾਲਾਤ ਕਾਰਣ ਕੁਰਸੀ ਦੀ ਸ਼ਹਾਦਤ ਦੇਣ ਸਦਕਾ ਸਿਆਸੀ ਭਗੋੜਾ ਕਰਾਰ ਦਿੱਤਾ। ਜੀ.ਕੇ. ਨੇ ਪੰਜਾਬ ਸੂਬੇ ਨਾਲ ਬੀਤੇ 10 ਵਰ੍ਹਿਆਂ ਵਿਚ ਕੇਂਦਰ ਦੀ ਯੂ.ਪੀ.ਏ. ਸਰਕਾਰ ਵਲੋਂ ਕੀਤੇ ਜਾ ਰਹੇ ਮਾਲੀ ਅਤੇ ਸਨਅਤੀ ਧੱਕਿਆਂ ਦਾ ਹਵਾਲਾ ਦਿੰਦੇ ਹੋਏ ਕਾਰਕੁੰਨਾ ਨੂੰ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਬਣਾਉਣ ਵਾਸਤੇ ਅਕਾਲੀ ਭਾਜਪਾ ਗਠਬੰਧਨ ਦੇ ਹਕ ਵਿਚ ਲੋਕ ਲਹਿਰ ਬਣਾਉਣ ਦੀ ਵੀ ਅਪੀਲ ਕੀਤੀ।
ਮੌਕੇ ਤੇ ਮੌਜੂਦ ਆਗੂਆਂ ਵਲੋਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਜਨ ਵਿਰੋਧੀ ਕਾਰਜਾਂ ਨੂੰ ਘਰ ਘਰ ਪਹੁੰਚਾਉਣ ਦਾ ਸੁਨੇਹਾ ਦਿੰਦੇ ਹੋਏ ਕਾਂਗਰਸ ਨੂੰ ਸਿੱਖਾਂ ਦੀ ਕਾਤਲ ਜਮਾਤ ਵੀ ਐਲਾਨਿਆ ਗਿਆ। ਬੁਲਾਰਿਆਂ ਨੇ ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲੇ ਦਿੱਲੀ ਦੀ ਜਨਤਾ ਨਾਲ ਕੀਤੇ ਗਏ ਨਾ ਪੂਰੇ ਹੋ ਸਕਣ ਵਾਲੇ ਵਾਅਦਿਆਂ ਕਰਕੇ ਕੇਜਰੀਵਾਲ ਨੂੰ ਲੰਬੇ ਹੱਥੀ ਲੈਂਦੇ ਹੋਏ ਉਨ੍ਹਾਂ ਤੇ ਦਿੱਲੀ ਦੀ ਜਨਤਾ ਨੂੰ ਗੁਮਰਾਹ ਕਰਣ ਦਾ ਵੀ ਦੋਸ਼ ਲਗਾਇਆ। ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਦਿੱਲੀ ਕਮੇਟੀ, ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਲੋਂ ਕੀਤੇ ਗਏ ਚੰਗੇ ਪ੍ਰਦਰਸ਼ਣ ਨੂੰ ਬੁਲਾਰਿਆਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੁਰਅੰਦੇਸ਼ੀ ਅਤੇ ਕਾਰਕੁੰਨਾ ਤੇ ਭਰੋਸਾ ਕਰਣ ਵਾਲੀ ਨਿਤੀਆਂ ਤੇ ਚਲਣ ਨੂੰ ਵੀ ਇਸ ਦਾ ਕਾਰਣ ਗਿਣਾਉਂਦੇ ਹੋਏ ਇਸ ਕਾਮਯਾਬੀ ਨੂੰ ਲੋਕਸਭਾ ਚੋਣਾਂ ਵਿਚ ਵੀ ਦੋਹਰਾਉਣ ਦਾ ਅਹਿਦ ਲਿਆ ਗਿਆ। ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ, ਰਵਿੰਦਰ ਸਿੰਘ ਖੁਰਾਨਾ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਆਦਿਕ ਆਗੂਆਂ ਨੇ ਇਸ ਮੌਕੇ ਆਪਣੇ ਵਿਚਾਰ ਰਖੇ।
ਇਸ ਮੌਕੇ ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਕੁਲਦੀਪ ਸਿੰਘ ਸਾਹਨੀ, ਸਤਪਾਲ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਚਮਨ ਸਿੰਘ, ਗੁਰਮੀਤ ਸਿੰਘ ਮੀਤਾ, ਕੈਪਟਨ ਇੰਦਰ ਪ੍ਰੀਤ ਸਿੰਘ, ਅਮਰਜੀਤ ਸਿੰਘ ਪੱਪੂ, ਗੁਰਬਖਸ਼ ਸਿੰਘ ਮੌਂਟੂਸ਼ਾਹ, ਹਰਜਿੰਦਰ ਸਿੰਘ, ਰਵੇਲ ਸਿੰਘ, ਨਿਗਮ ਪਾਰਸ਼ਦ ਰਿਤੂ ਵੋਹਰਾ, ਸ਼ਾਮ ਸ਼ਰਮਾ ਅਤੇ ਆਗੂ ਰਜਿੰਦਰ ਸਿੰਘ ਰਾਜਵੰਸ਼ੀ, ਪੀ.ਐਸ. ਚਿਮਨੀ., ਮਨਜੀਤ ਸਿੰਘ ਔਲਖ ਤੇ ਜਤਿੰਦਰ ਸਿੰਘ ਸਾਹਨੀ ਆਦਿਕ ਮੌਜੂਦ ਸਨ।