ਅੰਮ੍ਰਿਤਸਰ :- ਪਾਕਿਸਤਾਨੀ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਸ੍ਰੀ ਮੁਹੰਮਦ ਸਰਵਰ ਨਾਲ ਉਨ੍ਹਾਂ ਦੇ ਸਕੱਤਰ ਸ੍ਰੀ ਤਾਰਿਕ ਮੁਹੰਮਦ ਪਾਸ਼ਾ ਅਤੇ ਸਨਮਾਨਯੋਗ ਹਸਤੀਆਂ ਸ੍ਰੀ ਮਜਹਰ ਹੁਸੈਨ ਮਲਿਕ, ਸ੍ਰੀ ਨਵੀਦ ਕੈਸਰ, ਸ੍ਰੀ ਸੁਜਾਦ, ਸ੍ਰੀ ਅਲੀਆਸ ਅਜਗਰ, ਸ.ਸੋਹਨ ਸਿੰਘ, ਮਿਲਟਰੀ ਸਕੱਤਰ ਕਰਨਲ ਮਦਰ ਸਾਹਿਬ, ਰਾਣਾ ਰਤੀਕ, ਮਿਸਟਰ ਗੋਡਨ, ਮਿਸਟਰ ਜਿਮ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸੂਚਨਾ ਕੇਂਦਰ ਆਉਣ ਤੇ ਸ.ਦਲਮੇਘ ਸਿੰਘ ਸਕੱਤਰ ਨੇ ਗਵਰਨਰ ਪੰਜਾਬ ਅਤੇ ਉਨ੍ਹਾਂ ਨਾਲ ਦਰਸ਼ਨ ਲਈ ਆਈਆਂ ਸਨਮਾਨਯੋਗ ਸਖ਼ਸ਼ੀਅਤਾਂ ਨੂੰ ਜੀ ਆਇਆ ਕਿਹਾ। ਪ੍ਰੈੱਸ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਪੰਜਾਬ ਦੇ ਗਵਰਨਰ ਸ੍ਰੀ ਮੁਹੰਮਦ ਸਰਵਰ ਨੇ ਕਿਹਾ ਕਿ ਪਹਿਲੀ ਵਾਰ ਮੈਂ ੨੦੦੬ ਵਿੱਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਰਹਿਮਤਾਂ ਦਾ ਮੰਦਿਰ ਹੈ ਤੇ ਇਥੇ ਆ ਕੇ ਮਨ ਨੂੰ ਅਨੋਖੀ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੈਂ ਖੁਸ਼ਨਸੀਬ ਹਾਂ ਕਿ ਮੇਰੇ ਇਥੇ ਆਉਣ ਤੇ ਸਕੱਤਰ ਸ਼੍ਰੋਮਣੀ ਕਮੇਟੀ ਤੇ ਉਨ੍ਹਾਂ ਦੇ ਸਟਾਫ਼ ਵੱਲੋਂ ਜੋ ਮਾਣ ਸਨਮਾਨ ਮਿਲਿਆ ਹੈ ਉਹ ਮੈਂ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਮੁਲਕ ਗਰੀਬੀ, ਬੇਰੁਜਗਾਰੀ ਅਤੇ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਸੀ ਟਕਰਾਵ ਛੱਡ ਕੇ ਸਦਭਾਵਨਾ ਦਾ ਪੱਲਾ ਫੜੀਏ। ਉਨ੍ਹਾਂ ਕਿਹਾ ਕਿ ਮੈਂ ਸਿੱਖ ਸਮੁਦਾਏ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਸਿੱਖਾਂ ਨੂੰ ਪਾਕਿਸਤਾਨ ਵਿੱਚ ਦਰਪੇਸ਼ ਆਉਂਦੀਆਂ ਸਮੱਸਿਆਵਾਂ ਪ੍ਰਤੀ ਬਹੁਤ ਗੰਭੀਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪਾਕਿਸਤਾਨ ਜਾਂਦਿਆਂ ਹੀ ਸਿੱਖਾਂ ਦੇ ਗੁਰਧਾਮਾਂ ਪ੍ਰਤੀ ਅਤੇ ਸਿੱਖ ਕਮਿਉਨਿਟੀ ਸਬੰਧੀ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।
ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਪੰਜਾਬ ਦੇ ਗਵਰਨਰ ਸ੍ਰੀ ਮੁਹੰਮਦ ਸਰਵਰ, ਤਾਰਿਕ ਮੁਹੰਮਦ ਪਾਸ਼ਾ ਅਤੇ ਉਨ੍ਹਾਂ ਨਾਲ ਆਈਆਂ ਹੋਰ ਸਨਮਾਨਯੋਗ ਸਖ਼ਸ਼ੀਅਤਾਂ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।