ਲੁਧਿਆਣਾ,(ਪ੍ਰੀਤੀ ਸ਼ਰਮਾ) - ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਜਿਸ ਤੇਜ਼ੀ ਨਾਲ ਪੰਜਾਬ ਦਾ ਸਰਬ-ਪੱਖੀ ਵਿਕਾਸ ਕੀਤਾ ਜਾ ਰਿਹਾ ਹੈ, ਉਸ ਦੀ ਮਿਸਾਲ ਦੇਸ਼ ਦੇ ਕਿਸੇ ਹੋਰ ਸੂਬੇ ਵਿੱਚ ਨਹੀਂ ਮਿਲਦੀ।ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਸਿੱਧਵਾਂ ਨਹਿਰ ਉ¤ਪਰ ਬਣੇ ਪੁਰਾਣੇ ਪੁਲ ਦੀ 70 ਲੱਖ ਰੁਪਏ ਦੀ ਲਾਗਤ ਨਾਲ ਮੁੜ ਉਸਾਰੀ ਕਰਨ ਲਈ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ’ਤੇ ਉਹਨਾਂ ਨਾਲ ਸ੍ਰ. ਮਨਪ੍ਰੀਤ ਸਿੰਘ ਇਆਲੀ ਵਿਧਾਇਕ ਦਾਖਾ ਅਤੇ ਸ. ਦਰਸ਼ਨ ਸਿੰਘ ਸ਼ਿਵਾਲਿਕ ਵਿਧਾਇਕ ਗਿੱਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸ੍ਰ. ਢਿੱਲੋਂ ਨੇ ਦੱਸਿਆ ਕਿ ਸਿੱਧਵਾਂ ਨਹਿਰ ‘ਤੇ ਆਰ.ਡੀ 92800 ਨੇੜੇ ਸਾਉੂਥ ਸਿਟੀ ਇਆਲੀ ਖੁਰਦ ਤੋਂ ਇਆਲੀ ਕਲਾਂ ਨੂੰ ਜਾਂਦੀ ਸੜਕ ‘ਤੇ ਬਣਨ ਵਾਲੇ ਇਸ ਪੁਲ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ ਅਤੇ ਲਗਭੱਗ 3 ਮਹੀਨੇ ਦੇ ਅੰਦਰ ਮਕੁੰਮਲ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪੁਲ ਦੀ ਲੰਬਾਈ 27 ਮੀਟਰ ਅਤੇ ਚੌੜਾਈ ਲਗਭੱਗ 8.50 ਮੀਟਰ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਪੁਲ ਸਿੰਗਲ ਲੇਨ ਤੋਂ ਡਬਲ ਲੇਨ ਹੋਣ ਨਾਲ ਇਸ ਸੜਕ ‘ਤੇ ਲੋਕਾਂ ਨੂੰ ਟ੍ਰੈਫ਼ਿਕ ਦੀ ਸਮੱਸਿਆ ਤੋਂ ਭਾਰੀ ਨਿਜ਼ਾਤ ਮਿਲੇਗੀ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਲਿੰਕ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਨਵੇਂ ਪੁਲਾਂ ਦੀ ਉਸਾਰੀ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਂੋ ਕਿਹਾ, ਕਰ ਵਿਖਾਇਆ ਹੈ ਅਤੇ ਸੂਬੇ ਦੇ ਹਰ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇ ਹੱਕ ‘ਚ ਵਿਆਪਕ ਲਹਿਰ ਚੱਲ ਰਹੀ ਹੈ ਅਤੇ ਲੋਕ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਤਤਪਰ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸ੍ਰੋਮਣੀ ਅਕਾਲੀ ਦਲ-ਭਾਜਪਾ 13 ਦੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ ਅਤੇ ਯੂ.ਪੀ.ਏ ਦੀ ਅਗਵਾਈ ਵਾਲੀ ਕਾਂਗਰ ਸਰਕਾਰ ਦਾ ਕੇਂਦਰ ‘ਚੋਂ ਸਫ਼ਾਇਆ ਕੀਤਾ ਜਾਵੇਗਾ।
ਇਸ ਮੌਕੇ ‘ਤੇ ਸ. ਹਰਬੀਰ ਸਿੰਘ ਇਆਲੀ ਚੇਅਰਮੈਨ ਬਲਾਕ ਸੰਮਤੀ, ਸ੍ਰੀ ਸਹਿਜਪ੍ਰੀਤ ਸਿੰਘ ਮਾਂਗਟ, ਸ੍ਰੀ ਸੁਖਦੇਵ ਸਿੰਘ, ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਸ੍ਰੀ ਵੀ.ਐਸ.ਢੀਂਡਸਾ, ਉਪ ਮੰਡਲ ਅਫਸਰ ਸ੍ਰੀ ਕੰਵਲਜੀਤ ਸਿੰਘ, ਜੇ.ਈ ਸ੍ਰੀ ਨਵਰੂਪ ਸਿੰਘ ਅਤੇ ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਆਦਿ ਮੌਜੂਦ ਸਨ।
ਫ਼ੋਟੋ ਕੈਪਸ਼ਨ- ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਸਿੱਧਵਾਂ ਨਹਿਰ ਉ¤ਪਰ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਦੇ ਹੋਏ। ਤਸਵੀਰ ‘ਚ ਸ੍ਰ. ਮਨਪ੍ਰੀਤ ਸਿੰਘ ਇਆਲੀ ਅਤੇ ਸ. ਦਰਸ਼ਨ ਸਿੰਘ ਸ਼ਿਵਾਲਿਕ (ਦੋਵੇਂ ਵਿਧਾਇਕ) ਵੀ ਵਿਖਾਈ ਦੇ ਰਹੇ ਹਨ।