ਲੁਧਿਆਣਾ, (ਪ੍ਰੀਤੀ ਸ਼ਰਮਾ) ਭਾਈ ਘਨੱਈਆਂ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਾਦਵ ਸਿੰਘ ਦੁਖੀਆ ਨੇ ਕਿਹਾ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਵਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਦੇ ਤਹਿਤ ਦੇਸ਼ ਭਰ ਅੰਦਰ ਹਰ ਵਰਗ ਨੂੰ ਫ੍ਰੀ ਮੋਦੀ ਚਾਹ ਪਿਲਾ ਕੇ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਇਹ ਚਾਹ ਦੇਸ਼ ਅੰਦਰ ਕੋਈ ਵਿਸ਼ੇਸ਼ ਜਲਵਾ ਨਹੀਂ ਦਿਖਾ ਸਕੇਗੀ । ਕਿਉਂਕਿ ਗਰੀਬ ਤੇ ਆਮ ਵਰਗ ਤਾਂ ਮਹਿੰਗਾਈ ਦੀ ਚੱਕੀ ’ਚ ਪਿਸ ਕੇ ਹੀ ਰਹਿ ਗਿਆ ਹੈ । ਦੁਖੀਆਂ ਨੇ ਕਿਹਾ ਕਿ ਦੇਸ਼ ਅੰਦਰ ਜਦੋਂ ਵੀ ਕਿਸੇ ਵੀ ਪੱਧਰ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਸ ਸਮੇਂ ਸੱਤਾਧਾਰੀ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਸਭ ਤੋਂ ਪਹਿਲਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਵੇਂ ਨਾ ਕਿਵੇਂ ਸਮਾਜ ਦੇ ਗਰੀਬ ਤੇ ਆਮ ਵਰਗ ਨੂੰ ਆਪਣੇ ਹੱਕ ’ਚ ਲਾਮਬੰਦ ਕਰ ਲਿਆ ਜਾਵੇ । ਚੋਣਾਂ ਸਮੇਂ ਕਰੋੜਾ ਅਰਬਾਂ ਰੁਪਏ ਚੋਣ ਪ੍ਰਚਾਰਾਂ ਤੇ ਖਰਚੇ ਜਾਣਾ ਲੋਕ ਹਿੱਤਾਂ ’ਚ ਨਹੀਂ ਹਨ। ਭਾਈ ਘਨੱਈਆਂ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਾਦਵ ਸਿੰਘ ਦੁਖੀਆ ਨੇ ਕਿਹਾ ਕਿ ਮੋਦੀ ਦੀ ਮੁਫਤ ਚਾਹ ਪੀਣ ਨਾਲ ਗਰੀਬ ਵਿਅਕਤੀ ਦੇ ਪਰਿਵਾਰ ਦਾ ਕਿੰਨੇ ਕੁ ਦਿਨ ਗੁਜ਼ਾਰਾ ਚੱਲ ਸਕਦਾ ਹੈ । ਅੱਜ ਲੋੜ ਤਾਂ ਇਸ ਗੱਲ ਦੀ ਹੈ ਕਿ ਗਰੀਬ ਤੇ ਆਮ ਵਰਗ ਨੂੰ ਰਾਹਤ ਦੇਣ ਵਾਲੀਆਂ ਨੀਤੀਆਂ ਨੂੰ ਦੇਸ਼ ਅੰਦਰ ਅਸਲੀ ਰੂਪ ’ਚ ਲਾਗੂ ਕੀਤਾ ਜਾਵੇ । ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਦੇ ਰੇਟ ਘੱਟ ਤੋਂ ਘੱਟ ਨਿਸ਼ਚਤ ਕੀਤੇ ਜਾਣ ਤਾਂ ਜੋ ਗਰੀਬ ਵਿਅਕਤੀ ਵੀ ਆਪਣਾ ਪਰਿਵਾਰ ਪਾਲ ਸਕੇ ।
ਉਨ੍ਹਾਂ ਕਿਹਾ ਕਿ ਮੋਦੀ ਦੀ ਫ੍ਰੀ ਚਾਹ ਵੀ ਦੇਸ਼ ਦੇ ਉਚ ਘਰਾਣਿਆਂ ਵੱਲੋਂ ਹੀ ਪੇਸ਼ ਕੀਤੀ ਜਾਂਦੀ ਹੈ । ਇਨ੍ਹਾਂ ਘਰਾਣਿਆਂ ਵੱਲੋਂ ਮੋਦੀ ਦੇ ਸੱਤਾ ’ਚ ਆਉਣ ਦੀ ਉਮੀਦ ਸਦਕਾ ਹੀ ਫਡਿੰਗ ਕੀਤੀ ਜਾ ਰਹੀ ਹੈ । ਦੁਖੀਆ ਨੇ ਕਿਹਾ ਕਿ ਗਰੀਬ ਤੇ ਆਮ ਵਰਗ ਦੇ ਹਿੱਤ ’ਚ ਲੋਕ ਪੱਖੀ ਨੀਤੀਆਂ ਬਣਾਉਣ ਨਾਲ ਹੀ ਦੇਸ਼ ਤੇ ਦੇਸ਼ ਵਾਸੀ ਖੁਸ਼ਹਾਲ ਰਹਿ ਸਕਦੇ ਹਨ ।