ਨਵੀਂ ਦਿੱਲੀ : – ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਐਚ.ਐਸ. ਫੁਲਕਾ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਵਾਲ ਪੁੱਛਿਆ ਹੈ ਕਿ ਕਿਸ ਨੈਤਿਕਤਾ ਦੇ ਆਧਾਰ ਤੇ ਓਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਚੋਣ ਲੜ੍ਹ ਰਹੇ ਹਨ ਜਦੋ ਕਿ ਉਸ ਪਾਰਟੀ ਨੇ ਦਿੱਲੀ ਵਿਚ ਕਾਂਗਰਸ ਨਾਲ ਰਲ ਕੇ ਸਰਕਾਰ ਕਾਇਮ ਕੀਤੀ ਸੀ ? ਫੁਲਕਾ ਤੇ ਸਿੱਖ ਕੌਮ ਨੂੰ ਹੈਰਾਨ ਕਰਣ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਪੀੜਤ ਪਰਿਵਾਰਾ ਲਈ ਧਰਮ ਯੁੱਧ ਲੜ੍ਹ ਰਹੇ ਫੁਲਕਾ ਦੇ ਇਸ ਕਦਮ ਨਾਲ ਸਿੱਖ ਆਪਣੇ ਅੱਜ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
1984 ਸਿੱਖ ਕਤਲੇਆਮ ਦੀ ਮੁੱਖ ਦੋਸ਼ੀ ਕਾਂਗਰਸ ਪਾਰਟੀ ਨਾਲ ਮਿਲਕੇ ਸਰਕਾਰ ਚਲਾ ਚੁੱਕੀ ਆਮ ਆਦਮੀ ਪਾਰਟੀ ਵਿਚ ਫੁਲਕਾ ਵਲੋਂ ਦਾਖਿਲ ਹੋਣ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਫੁਲਕਾ ਇਕ ਪਾਸੇ ਤਾਂ ਪੀੜਤ ਪਰਿਵਾਰਾ ਦੇ ਕੇਸ ਕਾਂਗਰਸੀਆਂ ਖਿਲਾਫ ਲੜ੍ਹ ਰਹੇ ਹਨ ਤੇ ਦੁਸਰੇ ਪਾਸੇ ਓਹ ਉਸ ਵੇਲੇ ਆਮ ਆਦਮੀ ਪਾਰਟੀ ਵਿਚ ਦਾਖਿਲ ਹੁੰਦੇ ਹਨ ਜਦਕਿ ਓਹ ਕਾਂਗਰਸ ਨਾਲ ਮਿਲ ਕੇ ਸਰਕਾਰ ਚਲਾ ਰਹੀ ਹੁੰਦੀ ਹੈ ਤੇ ਇਸ ਗੱਲ ਤੋਂ ਸਾਫ ਹੋ ਜਾਂਦਾ ਹੈ ਕਿ ਫੁਲਕਾ ਦੇ ਮੰਨ ਵਿਚ ਕਾਂਗਰਸ ਪ੍ਰਤੀ ਨਰਮ ਰੁੱਖ ਹੈ।
ਮਨਜੀਤ ਸਿੰਘ ਜੀ.ਕੇ. ਨੇ ਫੁਲਕਾ ਦੇ ਕਹਿਣ ਤੇ ਕਰੋੜਾਂ ਰੁਪਏ ਕਮੇਟੀ ਵਲੋਂ ਫੁਲਕਾ ਵਲੋਂ ਨਾਮਜੱਦ ਵਕੀਲਾ ਦੇ ਪੈਨਲ ਨੂੰ ਦੇਣ ਦੀ ਗੱਲ ਕਰਦੇ ਹੋਏ ਅਫਸੋਸ ਪ੍ਰਗਟਾਇਆ ਕਿ ਬੀਤੇ 29 ਸਾਲਾਂ ਵਿਚ ਫੁਲਕਾ ਪੈਨਲ ਵਲੋਂ ਲੜ੍ਹੇ ਗਏ ਪੀੜਤ ਪਰਿਵਾਰਾ ਦੇ ਮੁਕਦਮੇ ਕਿਸੇ ਸਨਮਾਨ ਜਨਕ ਅੰਤ ਤਕ ਨਹੀਂ ਪੁਜ ਸਕੇ ਤੇ ਕਮੇਟੀ ਕੋਲ ਇਨ੍ਹਾਂ ਕੇਸਾਂ ਦਾ ਅਸਲ ਸਟੇਟਸ ਵੀ ਮੌਜੂਦ ਨਹੀਂ ਹੈ ਕਿ ਇਹ ਕੇਸ ਕੇਹੜੀ ਅਦਾਲਤ ਵਿਚ ਕਿਸ ਪੜਾਵ ਤੇ ਖੜ੍ਹੇ ਹਨ। ਫੁਲਕਾ ਤੇ ਕੌਮ ਨੂੰ ਮਝਧਾਰ ਵਿਚ ਛੱਡ ਕੇ ਆਪਣੀ ਸਿਆਸਤ ਕਰਣ ਦਾ ਆਰੋਪ ਲਗਾਉਂਦੇ ਹੋਏ ਜੀ.ਕੇ. ਨੇ ਜਾਨਕਾਰੀ ਦਿੱਤੀ ਕਿ ਹੁਣ ਇਹ ਕਮੇਟੀ ਦੇ ਵਾਸਤੇ ਜਾਂਚ ਦਾ ਵਿਸ਼ਾ ਹੈ ਕਿ ਫੁਲਕਾ ਦਾ ਪੈਨਲ ਇਨ੍ਹਾਂ ਮੁਕਦਮਿਆ ਵਿਚ ਕੌਮ ਨੂੰ ਇੰਨਸਾਫ ਦਿਲਵਾਉਣ ਵਿਚ ਕਾਮਯਾਬ ਕਿੳਂ ਨਹੀਂ ਹੋਇਆ?
ਤਿੰਨ ਮੈਂਬਰੀ ਜਾਂਚ ਕਮੇਟੀ ਇਸ ਗੱਲ ਦੀ ਧੋਖ ਕਰਣ ਲਈ ਬਣਾਉਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਇਹ ਕਮੇਟੀ ਜਾਂਚ ਕਰੇਗੀ ਕਿ ਫੁਲਕਾ ਪੈਨਲ ਵਲੋਂ ਪੈਰਵੀ ਕੀਤੇ ਗਏ ਕੇਸਾਂ ਵਿਚ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਿਉਂ ਕਰਨਾ ਪਿਆ? ਫੁਲਕਾ ਵਲੋਂ ਭੇਜੀਆਂ ਗਈਆਂ ਸਿਫਾਰਿਸ਼ਾ ਨੂੰ ਹਰ ਹਾਲਾਤ ਵਿਚ ਪ੍ਰਵਾਣ ਕਰਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਫੁਲਕਾ ਨੇ ਕਮੇਟੀ ਵਲੋਂ ਉਨ੍ਹਾਂ ਤੇ ਕਿਤੇ ਗਏ ਭਰੋਸੇ ਦੀ ਦੁਰਵਰਤੋਂ ਕੀਤੀ। ਦਿੱਲੀ ਕਮੇਟੀ ਵਲੋਂ ਪੀੜਤ ਪਰਿਵਾਰਾ ਨੂੰ ਵਿਦਿਅਕ, ਵਿਆਹ, ਕਾਨੂੰਨੀ ਸਹਾਇਤਾ, ਪੈਨਸ਼ਨ ਅਤੇ ਰਾਸ਼ਨ ਆਦਿਕ ਤਰੀਕੇ ਨਾਲ ਮਦਦ ਦੇਣ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਕਮੇਟੀ ਨੇ ਕਦੇ ਵੀ ਇਨ੍ਹਾਂ ਕੰਮਾ ਦੇ ਸਿਰ ਤੇ ਸਿਆਸੀ ਫਾਇਦਾ ਲੈਣ ਦਾ ਨਹੀਂ ਸੋਚਿਆ, ਪਰ ਫੁਲਕਾ ਨੇ ਕਮੇਟੀ ਦੇ ਸਾਧਨਾ ਦੀ ਵਰਤੋਂ ਸਮਾਜਿਕ ਕਾਰਕੁੰਨ ਦੇ ਰੂਪ ਵਿਚ ਕਰਕੇ ਆਪਣਾ ਸਿਆਸੀ ਮੁਕਾਮ ਬਣਾਉਣ ਲਈ ਤਰਲੋ ਮੱਛੀ ਹੋਣ ਵਾਸਤੇ ਕੋਈ ਕਸਰ ਨਹੀਂ ਛੱਡੀ ਹੈ।