ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ ): ਇਥੋਂ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਮਾਨਯੋਗ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਨਾਲੋ ਦੋ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ। ਅਜ ਕੋਰਟ ਵਿਚ ਤਕਰੀਬਨ ਅੱਧੇ ਘੰਟੇ ਤਕ ਚਲੀ ਬਹਿਸ ਵਿਚ ਦੋ ਗਵਾਹਾਂ ਨੇ ਹਾਜਿਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ।
ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਅਤੇ ਅਵਤਾਰ ਸਿੰਘ ਰਾਹੀ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਿੰਘਾਂ ਦੀ ਰਿਹਾਈ ਲਈ ਲਾਏ ਮੋਰਚੇ ਨਾਲ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਅਤੇ ਸਜਾ ਪੁਰੀ ਕਰ ਚੁਕੇ ਸਿੰਘਾਂ ਦੀ ਪੱਕੀ ਰਿਹਾਈ ਹੋ ਜਾਣ ਦੀ ਆਸ ਨੂੰ ਬੂਰ ਪੈਣਾਂ ਸ਼ੁਰੂ ਹੋ ਚੁਕਾ ਹੈ, ਭਾਵੇਂ ਖਾਲਸਾ ਵਲੋਂ ਛੇ ਸਿੰਘਾਂ ਦੀ ਰਿਹਾਈ ਤਕ ਮੋਰਚਾ ਲਾਉਣ ਦਾ ਪ੍ਰਣ ਕੀਤਾ ਗਿਆ ਸੀ ਪਰ ਸਿੱਖ ਕੌਮ ਦੇ ਜਿੰਮੇਵਾਰ ਲੀਡਰ ਅਤੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੇ ਇਹ ਕਹਿ ਕੇ ਕਿ ਇਨ੍ਹਾਂ ਦੀ ਪੱਕੀ ਰਿਹਾਈ ਉਹ ਆਪ ਕਰਵਾਉਣਗੇ, ਭੁੱਖ ਹੜਤਾਲ ਖਤਮ ਕਰਵਾਈ ਸੀ । ਪੈਰੋਲ ਖਤਮ ਹੋਣ ਤੇ ਬੂੜੈਲ ਜੇਲ ਦੇ ਚਾਰੋ ਸਿੰਘ ਮੁੜ ਜੇਲ ਦੀ ਚਾਰਦਿਵਾਰੀ ਵਿਚ ਬੰਦ ਹੋ ਚੁਕੇ ਹਨ ਅਤੇ ਬਾਕੀ ਦੇ ਦੋ ਸਿੰਘਾਂ ਦੀ ਰਿਹਾਈ ਤੇ ਦੂਰ ਪੈਰੋਲ ਬਾਰੇ ਵੀ ਕੁਝ ਅਤਾ ਪਤਾ ਨਹੀਂ ਹੈ ਇਸ ਲਈ ਪੁਰੀ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਜੀ ਅਤੇ ਸੰਤ ਸਮਾਜ ਜਿੰਮੇਵਾਰ ਹੈ ।
ਭਾਈ ਭਿਉਰਾ ਨੇ ਕਿਹਾ ਕਿ ਜੇਲ ਰਿਹਾਈ ਸੰਘਰਸ਼ ਕਿਸੇ ਇਕ ਵਿਅਕਤੀ ਦੀ ਜੇਬ ਭਰਣ ਲਈ ਨਹੀ ਲਗਾ ਸੀ ਇਹ ਸਿਰਫ ਕੋਰਾ ਭੁਲੇਖਾ ਹੈ ਇਹ ਸਾਰਾ ਕੰਮ ਪੰਥਕ ਸੀ ਤੇ ਇਸ ਲਈ ਕਿਸੇ ਇਕ ਨੂੰ ਜਿੰਮੇਵਾਰੀ ਲੈਣੀ ਹੀ ਪੈਣੀ ਸੀ । ਉਨ੍ਹਾਂ ਕਿਹਾ ਕਿ ਅਸੀ ਵੀ ਕੂਝ ਮਸਲਿਆਂ ਤੇ ਭਾਈ ਖਾਲਸਾ ਨਾਲ ਸਹਿਮਤ ਨਹੀ ਸੀ ਪਰ ਪੰਥ ਦੇ ਹਿਤਾਂ ਨੂੰ ਧਿਆਨ ਰਖ ਕੇ ਚਲਣ ਨੂੰ ਹੀ ਅਕਲਮੰਦੀ ਕਿਹਾ ਜਾਦਾਂ ਹੈ । ਉਨ੍ਹਾਂ ਕਿਹਾ ਕਿ 18 ਸਾਲ ਤਕ ਇਕ ਵੀ ਸਿੰਘ ਨੂੰ ਇਕ ਦਿਨ ਦੀ ਵੀ ਰਿਹਾਈ ਨਹੀ ਮਿਲੀ ਸੀ ਹੁਣ 28 ਦਿਨ ਦੀ ਪੈਰੋਲ ਵੀ ਇਸੇ ਮੋਰਚੇ ਸਕਦੇ ਮਿਲੀ ਹੈ ਤੇ ਹੁਣ ਅਸੀ ਛੋਟੀਆਂ ਛੋਟੀਆਂ ਗਲਾਂ ਕਰਕੇ ਸਭ ਨੂੰ ਭੰਡਣਾਂ ਸੁਰੂ ਕਰ ਦੇਈਏ ਇਹ ਚੰਗਾਂ ਨਹੀਂ ਹੈ ।ਉਨ੍ਹਾਂ ਕਿਹਾ ਕਿ ਜੇਕਰ ਕੋਈ ਕਮੇਟੀ ਬਣਾਈ ਜਾਦੀ ਹੈ ਉਸ ਵਿਚ ਜੇਲਾਂ ਅੰਦਰ ਬੰਦ ਸਿੰਘਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਾਂ ਲਿਆ ਜਾੲੈ, ਉਹ ਸਿਰਫ ਰਿਹਾਈ ਮੋਰਚਾ ਅਤੇ ਬੰਦੀ ਸਿੰਘਾਂ ਵਿਚ ਕੱੜੀ ਦਾ ਕੰਮ ਕਰਨ । ਕਮੇਟੀ ਵੀ ਪਰਿਵਾਰਿਕ ਮੈਬਰਾਂ ਵਲੋਂ ਦਿੱਤੀ ਸਲਾਹ ਨੂੰ ਧਿਆਨ ਵਿਚ ਰੱਖਕੇ ਹੀ ਅੱਗੇ ਵੱਧੇ । ਨਵੀਂ ਬਣ ਰਹੀ ਰਿਹਾਈ ਮੋਰਚਾ ਕਮੇਟੀ ਵਿਚ ਪਿਛਲੀ ਕਮੇਟੀ ਦੇ ਸਾਰੇ ਮੈਬਰਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਸੀ ਕਿਉਕਿ ਪਿਛੇ ਹੋਈਆਂ ਗਲਤੀਆਂ ਨੂੰ ਉਨ੍ਹਾਂ ਦੇ ਤਜਰਬੇ ਰਾਹੀ ਸੁਧਾਰਿਆ ਜਾ ਸਕੇ ।
ਅੰਤ ਵਿਚ ਭਾਈ ਭਿਉਰਾ ਨੇ ਤਾਮਿਲਨਾਡੁ ਦੀ ਮੁੱਖ ਮੰਤਰੀ ਵਲੋਂ ਲਏ ਗਏ ਦਲੇਰਾਨਾ ਫੈਸਲੇ ਦੀ ਪ੍ਰਸ਼ੰਸਾ ਕੀਤੀ ਉੱਥੇ ਨਾਲ ਹੀ ਅਪਣੇ ਆਪ ਨੂੰ ਸਿੱਖਾਂ ਦੇ ਹਿਤਾਂ ਦੀ ਪੰਥਕ ਕਹਾਉਂਦੀ ਸਰਕਾਰ ਨੂੰ ਜੈਲਲਿਤਾ ਕੋਲੋ ਸਬਕ ਸਿੱਖਣ ਦੀ ਅਪੀਲ ਕੀਤੀ ਕਿ ਇਕ ਬੀਬੀ ਜੇਕਰ ਫਾਂਸੀ ਪ੍ਰਾਪਤ ਦੋਸ਼ੀਆਂ ਦੀ ਬਿਨਾਂ ਸ਼ਰਤ ਰਿਹਾਈ ਕਰਨ ਦਾ ਦਮ ਰਖਦੀ ਹੈ ਤੇ ਤੁਸੀ ਤੇ ਮਰਦ ਹੋ ।
ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਾਈ ਅਵਤਾਰ ਸਿੰਘ, ਪਿਤਾ ਜੀ ਬਾਪੂ ਜਗਜੀਤ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਖਾਲਸਾ ਅਤੇ ਭਾਈ ਗੁਰਵਿੰਦਰ ਸਿੰਘ ਮਾਨ ਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਵਲੋˆ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਹਾਜਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ ।