ਪਟਨਾ – ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੂੰ ਉਸ ਸਮੇਂ ਵੱਡਾ ਝਟਕਾ ਲਗਿਆ, ਜਦੋਂ ਉਸ ਦੀ ਪਾਰਟੀ ਦੇ 13 ਵਿਧਾਇਕਾਂ ਨੇ ਰਜਦ ਨੂੰ ਛੱਡ ਕੇ ਵੱਖਰਾ ਦਲ ਬਣਾਉਣ ਦਾ ਨਿਰਣਾ ਕਰ ਲਿਆ ਹੈ। ਜਦੋਂ ਕਿ 6 ਵਿਧਾਇਕਾਂ ਨੇ ਪਾਰਟੀ ਆਫਿਸ ਪਹੁੰਚ ਕੇ ਰਜਦ ਵਿੱਚ ਆਪਣਾ ਭਰੋਸਾ ਜਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।
ਬਿਹਾਰ ਵਿਧਾਨ ਸਭਾ ਵਿੱਚ ਰਾਜਦ ਵਿਧਾਇਕ ਦਲ ਦੇ ਨੇਤਾ ਸਦੀਕੀ ਨੇ ਇਸ ਮਾਮਲੇ ਵਿੱਚ ਸੱਤਾਧਾਰੀ ਨਤੀਸ਼ ਸਰਕਾਰ ਤੇ ਇਹ ਆਰੋਪ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਸੰਕਟ ਵਿੱਚ ਹੈ। ਇਸ ਲਈ ਹੀ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਦੁਪਹਿਰ ਨੂੰ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਇਸ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਸਦੀਕੀ ਨੇ ਕਿਹਾ ਕਿ ਰਾਜਦ ਵਿੱਚ ਕਿਸੇ ਪ੍ਰਕਾਰ ਦੀ ਫੁੱਟ ਨਹੀਂ ਹੈ। ਕੁਝ ਵਿਧਾਇਕ ਬਾਹਰ ਗਏ ਹਨ,ਉਹ ਵੀ ਜਲਦੀ ਹੀ ਵਾਪਿਸ ਆ ਜਾਣਗੇ। ਇੱਕ – ਦੋ ਵਿਧਾਇਕ ਪਾਸੇ ਜਾ ਸਕਦੇ ਹਨ ਅਤੇ ਦਲ-ਬਦਲੂ ਕਾਨੂੰਨ ਦੇ ਤਹਿਤ ਉਨ੍ਹਾਂ ਦੀ ਵਿਧਾਇਕੀ ਵੀ ਜਾਵੇਗੀ।
ਬਾਗੀ ਵਿਧਾਇਕਾਂ ਦੀ ਸੂਚੀ ਵਿੱਚ ਸ਼ਾਮਿਲ ਲਲਿਤ ਯਾਦਵ ਨੇ ਵਿਧਾਇਕ ਸਮਰਾਟ ਚੌਧਰੀ ਤੇ ਧੋਖੇਬਾਜ਼ੀ ਕਰਨ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਦਲਬਦਲ ਨਾਲ ਸਬੰਧਤ ਕਿਸੇ ਵੀ ਪੱਤਰ ਤੇ ਦਸਤਖਤ ਨਹੀਂ ਸਨ ਕੀਤੇ। ਰਾਜਦ ਦੇ ਬਿਹਾਰ ਵਿਧਾਨਸੱਭਾ ਵਿੱਚ 22 ਵਿਧਾਇਕ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਗੀ ਵਿਧਾਇਕਾਂ ਨੇ ਲਾਲੂ ਤੋਂ ਆਪਣੇ-ਆਪਣੇ ਹਲਕੇ ਵਿੱਚ ਲੋਕਸੱਭਾ ਚੋਣਾਂ ਲਈ ਟਿਕਟਾਂ ਦੀ ਮੰਗ ਕੀਤੀ ਸੀ ਜੋ ਕਿ ਨਕਾਰ ਦਿੱਤੀ ਗਈ ਸੀ।