ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਵੱਲੋਂ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੰਨਜ਼ਿਊਮਰ ਕਲੱਬ ਸਥਾਪਿਤ ਕੀਤਾ ਗਿਆ ਜਿਸ ਦੇ ਉਦਘਾਟਨੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਉਹਨਾਂ ਬੋਲਦਿਆ ਕਿਹਾ ਕਿ ਪਿਛਲੇ ਕੁਝ ਦਹਾਕਿਆ ਦੌਰਾਨ ਉਪਭੋਗਤਾਵਾਂ ਦੀ ਖਰੀਦ ਸਮਰੱਥਾ ਵੱਧ ਗਈ ਹੈ ਜਿਸ ਕਾਰਨ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਦੇ ਅਜਿਹੇ ਉਦਮਾਂ ਦੀ ਸਖਤ ਜ਼ਰੂਰਤ ਹੈ ।
ਡਾ. ਢਿੱਲੋਂ ਨੇ ਕਿਹਾ ਕਿ ਇਸ ਪ੍ਰਤੀ ਚੇਤਨਾ ਪੈਦਾ ਕਰ ਅਸੀਂ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾ ਸਕਦੇ ਹਾਂ ਅਤੇ ਆਪਣੇ ਸਮਾਜ ਨੂੰ ਚੰਗੇਰੀ ਸਿਹਤ ਵੱਲ ਤੋਰ ਸਕਦੇ ਹਾਂ । ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਗ੍ਰਹਿ ਵਿਗਿਆਨ ਕਾਲਜ ਦੇ ਡੀਨ ਡਾ. ਜਸਵਿੰਦਰ ਕੌਰ ਸਾਂਘਾ ਨੇ ਕਹੇ । ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਤੀਜੀ ਆਰਥਿਕ ਪੱਖੋਂ ਮਜ਼ਬੂਤ ਸ਼ਕਤੀ ਹੈ ਅਤੇ ਵੱਡੀ ਗਿਣਤੀ ਦੇ ਵਿਚ ਜ਼ਿਆਦਾ ਖਪਤਕਾਰਾਂ ਦੇ ਹੋਣ ਦੇ ਕਾਰਨ ਅਜਿਹੇ ਕਲੱਬ ਅਹਿਮ ਯੋਗਦਾਨ ਪਾ ਸਕਣਗੇ । ਉਹਨਾਂ ਕਿਹਾ ਕਿ ਸਧਾਰਨ ਨਾਗਰਿਕ ਦੀ ਇਸ ਮੁਲਕ ਵਿਚ ਔਸਤਨ ਆਮਦਨ ਵਧਣ ਕਾਰਨ ਉਸਦੇ ਖਰੀਦ ਵਿਹਾਰ ਵਿਚ ਵੀ ਤਬਦੀਲੀ ਆ ਰਹੀ ਹੈ । ਉਹਨਾਂ ਕਿਹਾ ਕਿ ਇਸ ਨਾਲ ਮਿਆਰੀ ਉਤਪਾਦ ਅਤੇ ਜ਼ਰੂਰਤ ਅਨੁਸਾਰ ਵਸਤੂਆਂ ਮਾਰਕੀਟ ਵਿੱਚ ਉਪਲੱਬਧ ਹੋਣਗੀਆਂ । ਇਸ ਮੌਕੇ ਵਿਸ਼ੇਸ਼ ਤੌਰ ਤੇ ਨਵੀਂ ਦਿੱਲੀ ਦੀ ਗੈਰ ਸਰਕਾਰੀ ਸੰਸਥਾ ਦੇ ਕਨਵੀਨਰ ਸ੍ਰੀ ਜੀ ਸੀ ਮਾਥੁਰ ਨੇ ਇਸ ਕਲੱਬ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਸਬੰਧਤ ਅਦਾਰਿਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ।