ਲੁਧਿਆਣਾ : ਪੰਜਾਬ ਦੇ ਦੌਰੇ ਤੇ ਆਏ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਰਾਏ ਕੱਲਾ ਪਰਿਵਾਰ ਵਾਰਸ ਜਨਾਬ ਰਾਏ ਅਜ਼ੀਜ਼ ਉਲ੍ਹਾ ਖਾਨ ਨੇ ਕਿਹਾ ਕਿ ਇਸ ਸਾਡੇ ਪੁਰਖਿਆਂ ਦੀ ਖੁਸ਼ਕਿਸਮਤੀ ਸੀ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਵੀ ਉਹਨਾ ਸਮਿਆਂ ਵਿੱਚ ਜਦੋਂ ਗੁਰੂ ਸਾਹਿਬ ਪਰਿਵਾਰ ਨਾਲੋਂ ਵਿਛੜੇ ਹੋਏ ਸਨ । ਇਥੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਰਾਏ ਸਾਹਿਬ ਦੇ ਸਨਮਾਨ ਵਿੱਚ ਰੱਖੇ ਸਮਾਗਮ ਦੌਰਾਨ ਉਹਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਉਹਨਾ ਦੇ ਪਰਿਵਾਰ ਨੂੰ ਭੇਟ ਕੀਤੀ ਆਪਣੀ ਗੰਗਾ ਸਾਗਰ ਅਤੇ ਹੋਰ ਪਵਿਤਰ ਨਿਸ਼ਾਨੀਆਂ ਉਹਨਾ ਦੀਆਂ ਆਉਣ ਵਾਲੀਆਂ ਪੀੜੀਆਂ ਲਈ ਹਮੇਸ਼ਾ ਮਾਣ ਸਨਮਾਨ ਬਣਿਆਂ ਰਹੇਗਾ । ਜਨਾਬ ਰਾਏ ਨੇ ਕਿਹਾ ਕਿ ਜਲਦੀ ਹੀ ਪਵਿੱਤਰ ਗੰਗਾ ਸਾਗਰ ਇਧਰ ਲਿਆਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ।
ਇਸ ਸਮਾਗਮ ਦੌਰਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਰਾਏ ਸਾਹਿਬ ਨੂੰ ਸਨਮਾਨਤ ਕਰਦਿਆਂ ਕਿਹਾ ਰਾਏ ਪਰਿਵਾਰ ਦੋਹਾਂ ਦੇਸ਼ਾਂ ਅਤੇ ਦੋਹਾਂ ਕੌਮਾਂ ਦੇ ਵਿਚਾਲੇ ਇੱਕ ਸਥਾਈ ਪੁਲ ਹੈ ਜੋ ਗੁਰੂ ਸਾਹਿਬ ਦੀ ਬਖਸ਼ਸ਼ ਨਾਲ ਹਮੇਸ਼ਾ ਬਣਿਆਂ ਰਹੇਗਾ । ਸ. ਅਮਨ ਨੇ ਜਨਾਬ ਰਾਏ ਨੂੰ ਪਰਿਵਾਰ ਸਮੇਤ ਪੰਜਾਬ ਆਉਣ ਦਾ ਸੱਦਾ ਦਿੱਤਾ । ਇਸ ਮੌਕੇ ਜਨਾਬ ਅਬਦਲ ਮਲਕ ਤਿਆਗੀ , ਐਚ ਐਸ ਢਿਲੋਂ , ਤੇਜਪਾਲ ਸਿੰਘ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਸਾਈਂ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਹਰਪ੍ਰੀਤ ਸਿੰਘ ਧਾਲੀਵਾਲ ਨੇ ਸਭ ਦਾ ਧੰਨਾਵਾਦ ਕੀਤਾ ।