ਲੁਧਿਆਣਾ,(ਪ੍ਰੀਤੀ ਸ਼ਰਮਾ)-ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਰੀ ਕੀਤੇ ਜਾ ਰਹੇ ਟਿਊਬਵੈੱਲਾਂ ਦੇ ਕੁਨੈਕਸ਼ਨ ਸੂਬੇ ਵਿਚ ਦੂਜੀ ਹਰੀ ਕਰਾਂਤੀ ਲਿਆਉਣ ’ਚ ਸਹਾਈ ਸਿੱਧ ਹੋਣਗੇ ਕਿਉਂਕਿ ਇਸ ਨਾਲ ਕਿਸਾਨਾਂ ਦੀ ਪਾਣੀ ਦੀ ਘਾਟ ਪੂਰੀ ਹੋਵੇਗੀ ਅਤੇ ਆਮਦਨ ਵਿੱਚ ਵਾਧਾ ਹੋਵੇਗਾ। ਇਹ ਵਿਚਾਰ ਸ੍ਰ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਪਾਇਲ ਹਲਕਾ ਦੇ 349 ਕਿਸਾਨ ਲਾਭਪਾਤਰੀਆਂ ਨੂੰ ਟਿਊਬਵੈੱਲ ਕੁਨੈਕਸ਼ਨ ਦੇ ਡਿਮਾਂਡ ਨੋਟਿਸ ਅਤੇ 68 ਲੱਖ ਰੁਪਏ ਦੇ ਚੈਕ ਵੱਖ-ਵੱਖ ਪਿੰਡਾਂ ਨੂੰ ਵੰਡਣ ਉਪਰੰਤ ਭਾਰੀ ਇਕੱਠ ਨੂੰ ਸਬੋਧਨ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਉਹਨਾਂ ਕਿਸਾਨਾਂ ਨੂੰ, ਜਿਹਨਾਂ ਕੋਲ 2.5 ਏਕੜ ਤੱਕ ਜ਼ਮੀਨ ਹੈ, ਨੂੰ ਟਿਉਬਵੈੱਲਾਂ ਦੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਇਸ ਦਾ ਲਾਭ ਜਿੱਥੇ ਪੰਜਾਬ ਦੇ 1.5 ਲੱਖ ਕਿਸਾਨਾਂ ਨੂੰ ਹੋਵੇਗਾ, ਉਥੇ ਹੀ ਪਾਇਲ ਹਲਕੇ ਦੇ 850 ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਇਸ ਤਰ੍ਹਾਂ ਇਹ ਸੂਬੇ ਵਿੱਚ ਹਰੀ ਕ੍ਰਾਂਤੀ ਲਈ ਮੀਲ ਪੱਥਰ ਸਾਬਿਤ ਹੋਵੇਗਾ। ਸ੍ਰ. ਅਟਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਵਾਅਦੇ ਪੂਰੇ ਕਰਕੇ ਦਿਖਾਏ ਹਨ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਵਜ਼ੀਫਾ ਸਕੀਮ ਅਤੇ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ। ਸ੍ਰ. ਅਟਵਾਲ ਨੇ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਆਉੁਣ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਅੱਜ ਮਲੌਦ, ਦੋਰਾਹਾ, ਪਾਇਲ ਵਿਚ ਜਿਥੇ 2.50 ਕਰੋੜ ਦੇ ਵਿਕਾਸ ਕਾਰਜਾਂ ਦੇ ਚੈਕਾਂ ਦੀ ਵੰਡ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀਤੀ ਗਈ। ਉਥੇ ਹੀ 57 ਪਿੰਡਾਂ ਨੂੰ ਯੁਵਕ ਸੇਵਾਵਾਂ ਵਿਭਾਗ ਵੱਲੋਂ ਖੇਡ ਕਿੱਟਾਂ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਸ੍ਰ. ਰਣਵੀਰ ਸਿੰਘ ਸਹਾਰਨਮਾਜਰਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ, ਡੀ. ਐਸ.ਪੀ. ਬਲਵਿੰਦਰ ਸਿੰਘ ਭੀਖੀ, ਜਥੇਦਾਰ ਭਰਪੂਰ ਸਿੰਘ ਰੌਣੀ, ਜਥੇਦਾਰ ਮਨਜੀਤ ਸਿੰਘ ਘੁਡਾਣੀ, ਸ਼ਿਵਰਾਜ ਸਿੰਘ ਜੱਲ੍ਹਾ, ਹਰਵਿੰਦਰ ਸਿੰਘ ਜਰਗ, ਜਸਵੀਰ ਸਿੰਘ ਨਿਜ਼ਾਮਪੂਰ, ਹਰਦੇਵ ਸਿੰਘ ਮਠਾੜੁ, ਜਰਨੈਲ ਸਿੰਘ ਸਿਰਥਲਾ ਅਤੇ ਭਾਰੀ ਗਿਣਤੀ ’ਚ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।