ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਕਲ੍ਹ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋ ਕਰਵਾਈ ਗਈ ਜਗਰਾਉ ਰੈਲੀ ਨੂੰ ਪੂਰੀ ਤਰ੍ਹਾ ਅਸਫਲ ਦੱਸਦਿਆ ਕਿਹਾ ਕਿ ਬਾਦਲ ਵੱਲੋ ਉਠਾਏ ਗਏ ਗੁਜਰਾਤ ਦੇ ਕਿਸਾਨਾਂ ਦੇ ਮੁੱਦੇ ਤੇ ਮੋਦੀ ਨੇ ਕੋਈ ਵੀ ਸਪੱਸ਼ਟ ਉ¤ਤਰ ਨਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਦੀ ਨੀਤੀ ਸਿੱਖ ਵਿਰੋਧੀ ਹੈ ਅਤੇ ਮੋਦੀ ਨੂੰ ਕੇਂਦਰ ਦੀ ਸੱਤਾ ਵਿੱਚ ਆਉਣ ਤੋ ਰੋਕਣ ਲਈ ਸਮੂਹ ਸਿੱਖ ਜਗਤ ਨੂੰ ਇੱਕ ਮੁੱਠ ਹੋ ਜਾਣਾ ਚਾਹੀਦਾ ਹੈ ਅਤੇ ਬਾਦਲ ਨੂੰ ਮੋਦੀ ਰਾਗ ਦਾ ਅਲਾਪ ਕਰਨ ਦੀ ਬਜਾਏ ਉਸ ਨਾਲੋ ਨਾਤਾ ਤੋੜ ਕੇ ਸਿੱਖਾਂ ਦੀ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੋਦੀ ਦੀ ਰੈਲੀ ਨੂੰ ਕਾਮਯਾਬ ਕਰਨ ਲਈ 7500 ਬੱਸਾਂ ਜਬਰੀ ਫੜੀਆ ਤੇ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕਿਰਾਇਆ ਭਾੜਾ ਦੇਣ ਦੀ ਬਜਾਏ ਪੁਲੀਸ ਦੇ ਡੰਡੇ ਦੇ ਜੋਰ ਤੇ ਜਬਰੀ ਰੈਲੀ ਵਿੱਚ ਬੰਦੇ ਢੋਹਣ ਲਈ ਲਿਆਦਾ ਗਿਆ ਸੀ। ਉਹਨਾਂ ਕਿਹਾ ਕਿ ਬਾਦਲ ਪਿਉ ਪੁੱਤ ਦੀ ਜੋੜੀ ਨੇ ਐਲਾਨ ਕੀਤਾ ਸੀ ਕਿ ਰੈਲੀ ਵਿੱਚ ਪੰਜ ਲੱਖ ਵਿਅਕਤੀ ਹਾਜਰ ਹੋਣਗੇ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 50 ਹਜਾਰ ਤੋ ਵੱਧ ਲੋਕਾਂ ਨੂੰ ਇਕੱਠਾ ਨਹੀ ਕੀਤਾ ਜਾ ਸਕਿਆ। ਉਹਨਾਂ ਕਿਹਾ ਕਿ ਸਰਕਾਰੀ ਟੀ.ਵੀ ਚੈਨਲ ਪੀ.ਟੀ.ਸੀ ਤੇ ਵੀ ਵੇਖਿਆ ਜਾ ਸਕਦਾ ਸੀ ਕਿ ਜਦੋਂ ਮੋਦੀ ਬੋਲਣ ਲਈ ਉਠਿਆ ਤਾਂ ਲੋਕ ਸੀਟਾਂ ਛੱਡ ਕੇ ਤੁਰ ਪਏ ਸਨ ਤੇ ਪੰਡਾਲ ਵਿੱਚ ਟਾਵਾਂ ਟਾਵਾਂ ਵਿਅਕਤੀ ਹੀ ਨਜਰ ਆ ਰਿਹਾ ਸੀ। ਉਹਨਾਂ ਕਿਹਾ ਕਿ ਪੰਜਾਬ ਦੋ ਲੋਕਾਂ ਦਾ ਰੋਸ ਸਾਬਤ ਕਰਦਾ ਹੈ ਕਿ ਉਹ ਮੋਦੀ ਨੂੰ ਪਸੰਦ ਨਹੀ ਕਰਦੇ। ਉਹਨਾਂ ਕਿਹਾ ਕਿ ਮੋਦੀ ਦੀ ਆਮਦ ਤੋ ਜਦੋਂ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਜੈਕਾਰਾ ਬੁਲਾਉਣ ਲਈ ਕਿਹਾ ਤਾਂ ਸੰਗਤਾਂ ਨੇ ਕੋਈ ਜੈਕਾਰਾ ਨਾ ਬੁਲਾਇਆ ਤਾਂ ਸ੍ਰ ਬਾਦਲ ਨੂੰ ਮਜਬੂਰਨ ਇਹ ਕਹਿਣਾ ਪਿਆ ਕਿ ਤਾੜੀ ਹੀ ਮਾਰ ਦਿੱਤੀ ਜਾਵੇ ਪਰ ਸੰਗਤਾਂ ਨੇ ਤਾੜੀ ਵਾਲਾ ਵੀ ਆਦੇਸ਼ ਨਹੀ ਮੰਨਿਆ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਜਬਰੀ ਰੈਲੀ ਵਿੱਚ ਲਿਆਦੇ ਗਏ ਵਿਅਕਤੀ ਮੋਦੀ ਦੀ ਆਮਦ ਤੋ ਖੁਸ਼ ਨਹੀ ਸਨ।
ਉਹਨਾਂ ਕਿਹਾ ਕਿ ਇਹ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਗੁਜਰਾਤ ਦੇ ਕਿਸਾਨਾਂ ਨੂੰ ਮੋਦੀ ਗੁਜਰਾਤ ਵਿੱਚੋਂ ਉਹਨਾਂ ਦੀਆ ਜ਼ਮੀਨਾਂ ਖੋਹ ਕੇ ਕੱਢਣਾ ਚਾਹੁੰਦਾ ਹੈ ਕਿਉਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਦੋਂ ਮੋਦੀ ਨੂੰ ਕਿਹਾ ਗਿਆ ਕਿ ਉਹ ਗੁਜਰਾਤ ਦੇ ਕਿਸਾਨਾਂ ਦੇ ਖਿਲਾਫ ਪਾਇਆ ਸੁਪਰੀਮ ਕੋਰਟ ਵਿੱਚ ਕੇਸ ਵਾਪਸ ਲਵੇ ਤਾਂ ਮੋਦੀ ਨੇ ਸ੍ਰ ਬਾਦਲ ਨੂੰ ਟਿੱਚ ਜਾਣਦਿਆ ਕੇਸ ਵਾਪਸ ਲੈਣ ਦਾ ਕੋਈ ਵੀ ਐਲਾਨ ਨਹੀ ਕੀਤਾ। ਉਹਨਾਂ ਕਿਹਾ ਕਿ ਮੋਦੀ ਦੇ ਸਿਰ ਤੇ ਦਸਤਾਰ ਸਜਾਉਣੀ ਵੀ ਇੱਕ ਢਕੋਂਚ ਹੈ ਤੇ ਅਜਿਹਾ ਕਰਕੇ ਸ੍ਰੀ ਬਾਦਲ ਨੇ ਦਸਤਾਰ ਦੀ ਤੌਹੀਨ ਕੀਤੀ ਹੈ। ਉਹਨਾਂ ਕਿਹਾ ਕਿ ਦਸਤਾਰ ਇੱਕ ਸਤਿਕਾਰ ਦਾ ਚਿੰਨ੍ਹ ਹੈ ਅਤੇ ਕਿਸੇ ਨੂੰ ਵੀ ਇਸ ਦੀ ਬੇਅਦਬੀ ਕਰਨ ਦਾ ਕੋਈ ਵੀ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਬਾਦਲ ਵਿੱਚ ਥੋੜੀ ਜਿੰਨੀ ਵੀ ਨੈਤਿਕਤਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਤੋ ਹਮਾਇਤ ਵਾਪਸ ਲੈ ਕੇ ਗੁਜਰਾਤ ਦੇ ਸਿੱਖਾਂ ਨੂੰ ਉਜੜਨ ਤੋਂ ਬਚਾਏ। ਉਹਨਾਂ ਕਿਹਾ ਕਿ ਕੇਂਦਰੀ ਸੱਤਾ ਤੇ ਕਾਬਜ ਹੋਣ ਦਾ ਮੋਦੀ ਦਾ ਸੁਫਨਾ ਕਦਚਿਤ ਸਾਕਾਰ ਨਹੀ ਹੋ ਸਕਦਾ ਅਤੇ ਪੰਜਾਬ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚੋ ਮੋਦੀ ਦਾ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਂਮ ਹਨ ਅਤੇ ਭਾਜਪਾ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਹੈ ਜਿਸ ਤੋ ਸਿੱਖਾਂ ਨੂੰ ਬੱਚਣ ਦੀ ਸਖਤ ਲੋੜ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਹੱਕ, ਸੱਚ ਤੇ ਇਨਸਾਫ ਲਈ ਲੜਨ ਵਾਲੀ ਜਮਾਤ ਹੈ ਅਤੇ ਇਨਸਾਫ ਦੀ ਖਾਤਰ ਲੜਨਾ ਫਰਜ਼ ਸਮਝਦੀ ਹੈ। ਉਹਨਾਂ ਕਿਹਾ ਕਿ ਸ੍ਰ ਬਾਦਲ ਅਕਾਲੀ ਦਲ ਦੀਆ ਪਰੰਪਰਾਵਾਂ ਨੂੰ ਭਲੀਭਾਂਤ ਜਾਣਦੇ ਹਨ ਅਤੇ ਅਕਾਲੀ ਦਲ ਹੀ ਇੱਕ ਅਜਿਹੀ ਜਮਾਤ ਹੈ ਜਿਹੜੀ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਜੇਕਰ ਗੁਜਰਾਤ ਦੇ ਕਿਸਾਨਾਂ ਦਾ ਉਜਾੜਾ ਰੋਕਣ ਵਿੱਚ ਬਾਦਲ ਅਸਫਲ ਰਹੇ ਤਾਂ ਅਕਾਲੀ ਦਲ ਦੀ ਕਿਰਦਾਰ ਤੇ ਇਹ ਬਦਨੁੱਮਾ ਧੱਬਾ ਹੋਵੇਗਾ।