ਨਵੀਂ ਦਿੱਲੀ- ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਨੇ ਇੱਕ ਜੁਆਇੰਟ ਪਰੈਸ ਕਾਨਫਰੰਸ ਦੌਰਾਨ ਇਸ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ। ਪਾਸਵਾਨ 12 ਸਾਲ ਬਾਅਦ ਐਨਡੀਏ ਵਿੱਚ ਵਾਪਿਸ ਆਏ ਹਨ।
ਬੀਜੇਪੀ ਦੇ ਕਈ ਨੇਤਾਵਾਂ ਨੇ ਪਾਸਵਾਨ ਦੇ ਨਿਵਾਸ ਤੇ ਮੁਲਾਕਾਤਾਂ ਕਰਕੇ ਆਖਿਰ ਬਿਹਾਰ ਵਿੱਚ ਬੀਜੇਪੀ ਨਾਲ ਮਿਲ ਕੇ ਚੋਣ ਲੜਨ ਲਈ ਮਨਾ ਹੀ ਲਿਆ ਹੈ। ਦੋਵਾਂ ਪਾਰਟੀਆਂ ਵਿੱਚ ਸੀਟਾਂ ਨੂੰ ਲੈ ਕੇ ਜੋ ਖਿਚੋਤਾਣ ਚੱਲ ਰਹੀ ਸੀ, ਉਸ ਨੂੰ ਹੱਲ ਕਰ ਲਿਆ ਗਿਆ ਹੈ। ਲੋਜਪਾ ਬਿਹਾਰ ਵਿੱਚ 7 ਲੋਕਸੱਭਾ ਸੀਟਾਂ ਤੇ ਚੋਣ ਲੜੇਗੀ। ਲੋਜਪਾ ਆਰਾ ਅਤੇ ਅਰਰਿਆ ਸੀਟਾਂ ਚਾਹੁੰਦੀ ਸੀ, ਪਰ ਭਾਜਪਾ ਨੇ ਉਸ ਨੂੰ ਵੈਸ਼ਾਲੀ ਅਤੇ ਨਤੀਸ਼ ਕੁਮਾਰ ਦਾ ਹਲਕਾ ਨਾਲੰਦਾ ਦੇ ਕੇ ਮਨਾ ਲਿਆ ਹੈ। ਭਾਜਪਾ ਹਰ ਹਾਲ ਵਿੱਚ ਪਾਸਵਾਨ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦੀ ਸੀ। ਬਿਹਾਰ ਪ੍ਰਦੇਸ ਸੰਗਠਨ ਵੱਲੋਂ 5 ਸੀਟਾਂ ਤੋਂ ਵੱਧ ਨਾਂ ਦਿੱਤੇ ਜਾਣ ਦੀ ਗੱਲ ਕਰਨ ਦੇ ਬਾਵਜੂਦ 7 ਸੀਟਾਂ ਦੇ ਕੇ ਰਜ਼ਾਮੰਦ ਕਰ ਲਿਆ ਗਿਆ ਹੈ। ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਜਮੁਈ ਤੋਂ ਅਤੇ ਰਾਮਚੰਦਰ ਪਾਸਵਾਨ ਸਮਸਤੀਪੁਰ ਤੋਂ ਚੋਣ ਲੜਨਗੇ।