ਮਜੀਠਾ, (ਅੰਮ੍ਰਿਤਸਰ) – ਪੰਜਾਬ ਕਾਂਗਰਸ ਅਤੇ ਖ਼ਾਸ ਕਰਕੇ ਇਸ ਦੇ ਸੂਬਾ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੂੰ ਉਸ ਵਕਤ ਤਕੜਾ ਝਟਕਾ ਲੱਗਾ ਜਦੋਂ ਕਾਂਗਰਸ ਪਾਰਟੀ ਦੇ ਮੀਡੀਆ ਵਿਭਾਗ ਦਾ ਕੰਮ ਸੰਭਾਲ ਰਹੇ ਸੀਨੀਅਰ ਆਗੂ ਪ੍ਰੋ: ਸਰਚਾਂਦ ਸਿੰਘ ਅਤੇ ਨਗਰ ਕਮੇਟੀ ਮਜੀਠਾ ਦੇ ਸਾਬਕਾ ਕਾਂਗਰਸੀ ਪ੍ਰਧਾਨ ਸ: ਪ੍ਰਭਦਿਆਲ ਸਿੰਘ ਅੱਜ ਮਜੀਠਾ ਵਿਖੇ ਇੱਕ ਸਮਾਰੋਹ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ: ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ‘ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਵਿੱਚ ਸ਼ਾਮਲ ਹੋਏ ਪ੍ਰੋ: ਸਰਚਾਂਦ ਸਿੰਘ ਅਤੇ ਸ: ਪ੍ਰਭਦਿਆਲ ਸਿੰਘ ਨੂੰ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਭੇਂਟ ਕਰਕੇ ਪਾਰਟੀ ਵਿੱਚ ਜੀ ਆਇਆਂ ਨੂੰ ਆਖਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਪ੍ਰੋ: ਸਰਚਾਂਦ ਸਿੰਘ ਲੰਬਾ ਸਮਾਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਰਹਿਣ ਤੋਂ ਬਾਅਦ ਕੈਬਨਿਟ ਮੰਤਰੀ ਸ: ਮਜੀਠੀਆ ਦੇ ਮੀਡੀਆ ਸਕੱਤਰ ਦੇ ਤੌਰ ‘ਤੇ ਕੰਮ ਕਰਦੇ ਰਹੇ ਹਨ। ਉਹ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਦੌਰਾਨ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਇਸੇ ਤਰਾਂ ਪ੍ਰਭਦਿਆਲ ਸਿੰਘ ਮਜੀਠਾ ਕੈਪਟਨ ਸਰਕਾਰ ਵੇਲੇ ਨਗਰ ਕਮੇਟੀ ਮਜੀਠਾ ਦੇ ਪ੍ਰਧਾਨ ਰਹੇ ਹਨ।
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਨ੍ਹਾਂ ਦੋਵਾਂ ਆਗੂਆਂ ਬਾਰੇ ਸ; ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਨ੍ਹਾਂ ਨੂੰ ਭਰਮਾ ਲਿਆ ਸੀ ਪਰ ਹੁਣ ਇਹ ਆਪਣੀ ਸੂਝ-ਬੂਝ ਵਰਤ ਕੇ ਵਾਪਸ ਅਕਾਲੀ ਦਲ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋ: ਸਰਚਾਂਦ ਸਿੰਘ ਮਜੀਠੀਆ ਪਰਿਵਾਰ ਦੇ ਨਜ਼ਦੀਕੀ ਰਹੇ ਹਨ ਅਤੇ ਔਖੇ ਵੇਲੇ ਡਟ ਕੇ ਸਾਥ ਦਿੰਦੇ ਰਹੇ ਹਨ। ਪ੍ਰੋ: ਸਰਚਾਂਦ ਸਿੰਘ ਅਤੇ ਸ: ਪ੍ਰਭਦਿਆਲ ਸਿੰਘ ਨੇ ਇਸ ਸਬੰਧੀ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ ਅਤੇ ਇਸ ਦੀ ਲੀਡਰਸ਼ਿਪ ਦਿਸ਼ਾਹੀਣ ਅਤੇ ਖੋਖਲੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਹਿਤਾਂ ਲਈ ਕੋਈ ਠੋਸ ਏਜੰਡਾ ਨਹੀਂ ਹੈ ਅਤੇ ਇਸ ਦੇ ਸੂਬਾਈ ਆਗੂ ਕੇਂਦਰ ਸਾਹਮਣੇ ਨੰਬਰ ਬਣਾਉਣ ਲਈ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ ਹਨ ਅਤੇ ਇਸ ਕੰਮ ਵਿੱਚ ਕਾਂਗਰਸੀ ਪੰਜਾਬ ਦੇ ਹਿਤਾਂ ਨੂੰ ਗਹਿਣੇ ਪਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਉਹਨਾਂ ਕਿਹਾ ਕਿ ਬਾਜਵਾ ਪੰਜਾਬ ਦੇ ਲੋਕਾਂ ਨੂੰ ਨਵੀਂ ਸੇਧ ਦੇਣ ਅਤੇ ਕਾਂਗਰਸ ਨੂੰ ਇੱਕ ਮੁੱਠ ਰੱਖਣ ਤੇ ਕਰਨ ਵਿੱਚ ਨਾਕਾਮ ਰਹੇ ਹਨ। ਹਰ ਕੋਈ ਆਪੋ ਆਪਣੀ ਡਫਲੀ ਵਜਾਉਣ ’ਚ ਲੱਗੇ ਹੋਏ ਹੋਣ ਕਰਕੇ ਕਾਂਗਰਸ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ। ਉਹਨਾਂ ਪ੍ਰਤਾਪ ਸਿੰਘ ਬਾਜਵਾ ਦੀ ਲੀਡਰਸ਼ਿਪ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਇੱਕ ਅਜਿਹੇ ਬੇੜੇ ਦਾ ਕੈਪਟਾਨ ਹੈ ਜਿਸ ਨੂੰ ਤਜਰਬੇਕਾਰਾਂ ਦੀ ਛਾਂਟੀ ਕਰ ਕੇ ਨਾ ਤਜਰਬੇਕਾਰ ਲੋਕਾਂ ਦੀ ਸਲਾਹ ਨਾਲ ਚਲਾ ਰਿਹਾ ਹੈ। ਜਿਸ ਕਾਰਨ ਉਹਨਾਂ ਵੱਲੋਂ ਚੁੱਕੇ ਗਏ ਕਈ ਕਦਮ ਜਾਂ ਤਾਂ ਵਾਪਸ ਲੈਣੇ ਪਏ ਜਾਂ ਫਿਰ ਸ਼ਗੂਫ਼ਾ ਹੀ ਬਣਿਆ।
ਪ੍ਰੋ: ਸਰਚਾਂਦ ਨੇ ਕਿਹਾ ਕਿ ਉਹ ਪਿਛਲੇ ਕਈ ਅਰਸੇ ਤੋਂ ਮਜੀਠੀਆ ਪਰਿਵਾਰ ਨਾਲ ਜੁੜੇ ਰਹੇ ਹਨ ਤੇ ਇਸ ਦੇ ਗੁਰੂ ਘਰ ਵਿੱਚ ਅਥਾਹ ਸ਼ਰਧਾ ਅਤੇ ਸ਼ਾਨਦਾਰ ਪਰਿਵਾਰਕ ਪਿਛੋਕੜ ਤੋਂ ਚੰਗੀ ਤਰਾਂ ਵਾਕਫ਼ ਹਨ। ਉਹਨਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਜਾਣਾ ਉਹਨਾਂ ਦੇ ਜੀਵਨ ਦੀ ਸਭ ਤੋਂ ਵੱਡੀ ਸਿਆਸੀ ਭੁੱਲ ਸੀ, ਜਿਸ ਨੂੰ ਸੋਧਣ ਲਈ ਉਹਨਾਂ ਦੀ ਘਰ ਵਾਪਸੀ ਲਈ ਮਜੀਠੀਆ ਵੱਲੋਂ ਦਿਖਾਈ ਗਈ ਖੁੱਲ ਦਿਲੀ ਲਈ ਉਹਨਾਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਵਿੱਚ ਜਾ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਕਾਂਗਰਸ ਦੀ ਪੰਜਾਬ ਮਾਰੂ ਮਾਨਸਿਕਤਾ ਨਾਲ ਨਹੀਂ ਜੁੜ ਸਕਦੇ ਕਿਉਂਕਿ ਉਹ ਪੰਜਾਬ ਦੇ ਭਲੇ ਲਈ ਸ਼ੁਰੂ ਤੋਂ ਹੀ ਪੰਥਕ ਸਿਆਸਤ ਨਾਲ ਜੁੜੇ ਰਹੇ ਹਨ ਤੇ ਹੁਣ ਪੰਥ ਦੀ ਚੜ੍ਹਦੀਕਲਾ ਲਈ ਅੰਤ ਤਕ ਅਕਾਲੀ ਦਲ ਨਾਲ ਹੀ ਜੁੜੇ ਰਹਿਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਛੱਡ ਕੇ ਜਾਣ ਵਾਲਿਆਂ ਦੀ ਕਾਂਗਰਸ ਵਿੱਚ ਕੋਈ ਕਦਰ ਤੇ ਵੁੱਕਤ ਨਹੀਂ ਤੇ ਅਜਿਹੇ ਕਈ ਲੋਕ ਆਪਣੇ ਆਪ ਨੂੰ ਠਗਿਆ ਠਗਿਆ ਮਹਿਸੂਸ ਕਰ ਰਹੇ ਹਨ ਤੇ ਘਰ ਵਾਪਸੀ ਲਈ ਰਾਹ ਤਲਾਸ਼ ਰਹੇ ਹਨ।