ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਗੁਰਬਚਨ ਸਿੰਘ ਭੁੱਲਰ ਨੂੰ ਅਤੇ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ-2012 ਸ੍ਰੀ ਬਲਜਿੰਦਰ ਮਾਨ ਦੀ ਬਾਲ ਪੁਸਤਕ ‘ਮੇਰਾ ਸੁਪਨਾ’ ਅਤੇ ਡਾ. ਬਲਵਿੰਦਰ ਸਿੰਘ ਕਾਲੀਆ ਦੀ ਬਾਲ ਪੁਸਤਕ ‘ਅੱਖਰ ਮਾਲਾ’ ਨੂੰ ਸਾਂਝੇ ਤੌਰ ’ਤੇ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿਚ ਸਨਮਾਨਤ ਸਾਹਿਤਕਾਰਾਂ ਨੂੰ ਨਕਦ ਰਾਸ਼ੀ, ਦੋਸ਼ਾਲੇ ਅਤੇ ਸਨਮਾਨ ਚਿੰਨ੍ਹ ਦੇਣਾ ਸ਼ਾਮਲ ਸਨ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਅਰਥ ਸਾਸਤਰੀ ਅਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ ਸ ਸ ਜੌਹਲ ਨੇ ਕਿਹਾ ਮਾਂ ਬੋਲੀ ਵਿਚ ਪੜ੍ਹੀ ਅਪਣੀ ਭਾਸ਼ਾ ਤੋਂ ਬਾਅਦ ਹੀ ਕੋਈ ਹੋਰ ਭਾਸ਼ਾ ਬਿਹਤਰ ਸਿਖੀ ਜਾ ਸਕਦੀ ਹੈ।ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਡਾ. ਜੈ ਰੂਪ ਸਿੰਘ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਦੀ ਸੇਵਾ ਲਈ ਕੀਤਾ ਕੰਮ ਮੁੱਢਲੇ ਅਤੇ ਅਕਾਦਮਿਕ ਰੂਪ ਦਾ ਅਤਿ ਸ਼ਲਾਘਾਯੋਗ ਕਾਰਜ ਹੈ। ਮਾਂ ਬੋਲੀ ਵਿਚ ਮਾਂ ਵੱਲੋਂ ਸੁਣਾਈਆਂ ਬੱਚੇ ਦੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਵੀ ਪ੍ਰਭਾਵ ਪਾਊਦੀਆਂ ਹਨ।
ਸ. ਰੂਪ ਸਿੰਘ ਰੂਪਾ ਨੇ ਕਿਹਾ ਕਿ ਮੈਨੂੰ ਬੜੀ ਖ਼ੁਸ਼ੀ ਹੈ ਕਿ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਸਾਹਿਤ ਅਕਾਡਮੀ ਵਲੋਂ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਸਾਹਿਤਕਾਰਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਸ. ਗੁਰਬਚਨ ਸਿੰਘ ਭੁੱਲਰ ਨੂੰ ਦਿੱਤਾ ਜਾ ਰਿਹਾ ‘ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ’ ਬਹੁਤ ਹੀ ਸਹੀ ਚੋਣ ਹੈ।
ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕਿਹਾ ਕਿ ਆਨੰਦ ਸਾਹਿਬ ਦੇ ਨਾਂ ’ਤੇ ਪੰਜਾਬੀ ਸਾਹਿਤ ਅਕਾਡਮੀ ਵਲੋਂ ਮਿਲਿਆ ਸਨਮਾਨ ਮੇਰੇ ਲਈ ਮਾਂ ਬੋਲੀ ਪੰਜਾਬੀ ਲਈ ਕੀਤੇ ਕਾਰਜ ਉਤੇ ਲੱਗੀ ਮੋਹਰ ਹੈ। ਮੈਂ ਹੋਰ ਸਿਰੜ ਨਾਲ ਕੰਮ ਕਰਾਂਗਾ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਨੇ ਕਿਹਾ ਕਿ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਸ. ਰੂਪ ਸਿੰਘ ਰੂਪਾ ਜੀ ਨੇ ਆਪਣੇ ਪਿਤਾ ਸ. ਕੇਹਰ ਸਿੰਘ ਜੀ ਦੀ ਯਾਦ ਵਿਚ ਸਥਾਪਿਤ ਕੀਤਾ ਹੈ, ਜੋ ਕਿ ਹਰ ਸਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਦਿੱਤਾ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਖ਼ੁਦ ਸ. ਰੂਪ ਸਿੰਘ ਰੂਪਾ ਅਮਰੀਕਾ ਤੋਂ ਆ ਕੇ ਨਿੱਜੀ ਤੌਰ ’ਤੇ ਸਾਡੇ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਆਉਣਾ ਮਾਂ ਬੋਲੀ ਪੰਜਾਬੀ ਅਤੇ ਆਨੰਦ ਸਾਹਿਬ ਲਈ ਸਨੇਹ ਦਾ ਪ੍ਰਤੀਕ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ-2012 ਜੋ ਪ੍ਰਸਿੱਧ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਜੀ ਦੇ ਪਰਿਵਾਰ ਵੱਲੋਂ ਮਾਤਾ ਜਸਵੰਤ ਕੌਰ ਜੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ। ਇਸ ਵਾਰ ਇਹ ਪੁਰਸਕਾਰ ਸਾਂਝੇ ਤੌਰ ’ਤੇ ਦੋ ਬਾਲ ਸਾਹਿਤ ਲੇਖਕਾਂ ਨੂੰ ਦਿੱਤਾ ਜਾ ਰਿਹਾ ਹੈ। ਸ. ਗੁਰਬਚਨ ਸਿੰਘ ਭੁੱਲਰ ਹੋਰਾਂ ਦੀ ਰਚਨਾ ਤੇ ਸ਼ਖਸ਼ੀਅਤ ਬਾਰੇ ਡਾ. ਰਜਨੀਸ਼ ਬਹਾਦਰ ਸਿੰਘ ਨੇ ਚਰਚਾ ਕੀਤੀ ਜਦਕਿ ਬਾਲ ਪੁਸਤਕਾਂ ਬਾਰੇ ਪੇਪਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੇਪਰ ਪੜ੍ਹਿਆ। ਪਿੰ੍ਰਸੀਪਲ ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ ਨੇ ਸ਼ੋਭਾ ਪੱਤਰ ਪੜ੍ਹੇ ਅਤੇ ਗੁਲਦਸਤੇ ਭੇਟ ਕੀਤੇ।
ਇਸ ਮੌਕੇ ਸ੍ਰੀ ਸੁਰਿੰਦਰ ਕੈਲੇ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਸਵਰਨਜੀਤ ਕੌਰ ਗਰੇਵਾਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਸਵਰਨਜੀਤ ਸਵੀ, ਸੁਵਿੰਦਰ ਅੰਮ੍ਰਿਤ, ਸ੍ਰੀਮਤੀ ਇੰਦਰਜੀਤਪਾਲ ਕੌਰ, ਸੁਰਜੀਤ ਅਲਬੇਲਾ, ਡਾ. ਰਣਜੀਤ ਸਿੰਘ, ਪ੍ਰੀਤਮ ਸਿੰਘ ਪੰਧੇਰ, ਮਹਿੰਦਰ ਸਿੰਘ ਕੰਗਣਵਾਲ, ਪ੍ਰੋ. ਜਸਵਿੰਦਰ ਧਨਾਨਸੂ, ਭਗਵਾਨ ਢਿੱਲੋਂ, ਜਸਵੀਰ ਝੱਜ, ਲਾਭ ਸਿੰਘ, ਤਰਲੋਚਨ ਝਾਂਡੇ, ਕਮਲਜੀਤ ਨੀਲੋਂ, ਸਤੀਸ਼ ਗੁਲਾਟੀ, ਪ੍ਰੋ. ਇੰਦਰਪਾਲ ਸਿੰਘ, ਰਜਿੰਦਰ ਵਰਮਾ, ਕੁਲਵਿੰਦਰ ਕੌਰ ਧੀਮਾਨ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਪੰਜਾਬੀ ਭਵਨ, ਲੁਧਿਆਣਾ ਵਿਖੇ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ
This entry was posted in ਪੰਜਾਬ.