ਲੁਧਿਆਣਾ:ਅਫਰੀਕਾ ਦੇ ਮਲਾਵੀ ਮੁਲਕ ਤੋਂ ਇਕ ਉੱਚ ਪੱਧਰੀ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ। ਇਸ ਵਫਦ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ ਵਫਦ ਦੀ ਅਗਵਾਈ ਮਲਾਵੀ ਦੇ ਖੇਤੀਬਾੜੀ ਪਸਾਰ ਅਤੇ ਤਕਨੀਕੀ ਸੇਵਾਵਾਂ ਦੇ ਨਿਰਦੇਸ਼ਕ ਡਾ: ਡਬਲਯੂ ਜੀ ਲਿਪੀਟਾ ਕਰ ਰਹੇ ਸਨ ਜਦ ਕਿ ਭਾਰਤ ਦੇ ਸਿਖਲਾਈ ਦੇ ਕੌਮੀ ਅਦਾਰੇ ਮੈਨੇਜ ਹੈਦਰਾਬਾਦ ਦੇ ਨਿਰਦੇਸ਼ਕ (ਖੇਤੀਬਾੜੀ ਪਸਾਰ) ਡਾ: ਪੀ ਚੰਦਰਾ ਸ਼ੇਖਰਾ ਕਰ ਰਹੇ ਸਨ।
ਵਫਦ ਨੂੰ ਜਾਣਕਾਰੀ ਦਿੰਦਿਆਂ ਡਾ: ਖੰਨਾ ਨੇ ਦੱਸਿਆ ਕਿ ਪੀ ਏ ਯੂ ਦਾ ਮੁੱਖ ਟੀਚਾ ਪਸਾਰ ਸਿੱਖਿਆ ਅਤੇ ਵਿਦਿਅਕ ਪ੍ਰੋਗਰਾਮਾਂ ਨੂੰ ਨੇਪਰੇ ਚਾੜਨਾ ਹੈ। ਡਾ: ਖੰਨਾ ਨੇ ਵਫਦ ਨੂੰ ਜੀ ਆਇਆਂ ਦੇ ਸ਼ਬਦ ਕਹੇ ਅਤੇ ਯੂਨੀਵਰਸਿਟੀ ਦੀਆਂ ਉਪਲਬੱਧੀਆਂ ਅਤੇ ਗਤੀਵਿਧੀਆਂ ਸੰਬੰਧੀ ਸਾਹਿਤ ਵੀ ਪ੍ਰਦਾਨ ਕੀਤਾ। ਯੂਨੀਵਰਸਿਟੀ ਵੱਲੋਂ ਕੀਤੇ ਖੋਜ ਕਾਰਜਾਂ ਬਾਰੇ ਡਾ: ਸਤਬੀਰ ਸਿੰਘ ਗੋਸਲ ਨੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਦੇਸ਼ ਦੀ ਮੋਢੀ ਖੇਤੀਬਾੜੀ ਯੂਨੀਵਰਸਿਟੀ ਰਹੀ ਹੈ ਅਤੇ ਹੁਣ ਕੁਦਰਤੀ ਸੋਮਿਆਂ ਦੇ ਚੰਗੇਰੇ ਰੱਖ ਰਖਾਵ ਲਈ ਵੀ ਤਕਨਾਲੌਜੀਆਂ ਵਿਕਸਤ ਕਰਨ ਵਿੱਚ ਮੋਹਰੀ ਹੈ। ਇਸ ਯੂਨੀਵਰਸਿਟੀ ਵੱਲੋਂ ਹੁਣ ਤਕ ਵੱਖ ਵੱਖ ਫ਼ਸਲਾਂ ਦੀਆਂ 730 ਕਿਸਮਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 130 ਕਿਸਮਾਂ ਕੌਮੀ ਪੱਧਰ ਤੇ ਜਾਰੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਸ਼ਹਿਦ ਉਤਪਾਦਨ, ਖੁੰਭਾਂ ਦੀ ਖੇਤੀ ਨਵੇਂ ਐਗਰੋ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ, ਖੇਤ ਮਸ਼ੀਨਰੀ, ਸਰਵਪੱਖੀ ਕੀਟ ਪ੍ਰਬੰਧਨ ਤਕਨਾਲੌਜੀਆਂ ਆਦਿ ਵਿੱਚ ਨਿਵੇਕਲਾ ਸਥਾਨ ਬਣਾਇਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਯੂਨੀਵਰਸਿਟੀ ਦੇ ਸੰਗਠਿਤ ਢਾਂਚੇ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਮਨੁੱਖੀ ਵਸੀਲੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉੱਦਮਾਂ ਅਤੇ ਵੱਖ ਵੱਖ ਵਿਦਿਅਕ ਪ੍ਰੋਗਰਾਮਾਂ ਸੰਬੰਧੀ ਵਫਦ ਦੇ ਮੈਂਬਰਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਵੇਲੇ ਦੁਨੀਆਂ ਦੇ ਵੱਖ ਵੱਖ 13 ਮੁਲਕਾਂ ਤੋਂ ਵਿਦਿਆਰਥੀਆਂ ਇਸ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਯੂਨੀਵਰਸਿਟੀ ਦੇ ਪਸਾਰ ਢਾਂਚੇ ਬਾਰੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮਹੇਸ਼ ਇੰਦਰ ਸਿੰਘ ਗਿੱਲ ਨੇ ਜਾਣਕਾਰੀ ਪ੍ਰਦਾਨ ਕੀਤੀ । ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਤਕਨਾਲੌਜੀ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ 17 ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਪਸਾਰੇ ਲਈ ਸਾਲ ਵਿੱਚ ਦੋ ਵਾਰ ਵੱਖ ਵੱਖ ਖੇਤਰਾਂ ਵਿੱਚ ਕਿਸਾਨ ਮੇਲੇ ਅਤੇ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਵਫਦ ਨੂੰ ਜੀ ਆਇਆਂ ਦੇ ਸ਼ਬਦ ਡਾ: ਬਲਦੇਵ ਸਿੰਘ ਸੋਹਲ ਅਪਰ ਨਿਰਦੇਸ਼ਕ ਸੰਚਾਰ ਨੇ ਕਹੇ।
ਵਫਦ ਦੇ ਲੀਡਰ ਡਾ: ਡਬਲਯੂ ਜੀ ਲਿਪੀਟਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਅਤੇ ਪਸਾਰ ਦੇ ਕਾਰਜ ਅਤਿ ਸਲਾਹੁਣਯੋਗ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਉਹ ਅਜਿਹੀਆਂ ਯੂਨੀਵਰਸਿਟੀਆਂ ਨਾਲ ਸਹਿਯੋਗ ਦੀ ਆਸ ਰੱਖਦੇ ਹਨ ਤਾਂ ਜੋ ਦੋਹਾਂ ਮੁਲਕਾਂ ਨੂੰ ਇਸ ਨਾਲ ਫਾਇਦਾ ਹੋ ਸਕੇ। ਇਸ ਤੋਂ ਬਾਅਦ ਵਫਦ ਨੇ ਸਕੂਲ ਆਫ ਬਾਇਓ ਤਕਨਾਲੌਜੀ, ਖੇਤ ਪ੍ਰਦਰਸ਼ਨੀਆਂ ਅਤੇ ਪੇਂਡੂ ਸਭਿਅਤਾ ਦੇ ਅਜਾਇਬ ਘਰ ਦਾ ਦੌਰਾ ਵੀ ਕੀਤਾ। ਇਸ ਵਿਚਾਰ ਚਰਚਾ ਵਿੱਚ ਵਿਸੇਸ਼ ਤੌਰ ਤੇ ਹੋਰਨਾਂ ਤੋਂ ਇਲਾਵਾ ਡਾ: ਪਿਆਰਾ ਸਿੰਘ ਚਾਹਲ ਐਸੋਸੀਏਟ ਡਾਇਰੈਕਟਰ, ਡਾ: ਆਰ ਕੇ ਗੰਬਰ ਅਪਰ ਨਿਰਦੇਸ਼ਕ ਖੋਜ, ਡਾ: ਜੇ ਐਸ ਧੀਮਾਨ ਅਪਰ ਨਿਰਦੇਸ਼ਕ ਖੋਜ ਅਤੇ ਅਰਥ ਤੇ ਸਮਾਜ ਵਿਗਿਆਨ ਦੇ ਮੁਖੀ ਡਾ: ਮਹਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।