ਲੁਧਿਆਣਾ,(ਪ੍ਰੀਤੀ ਸ਼ਰਮਾ) – ਨੌਜਵਾਨਾਂ ਦੇ ਸਰਵਾਂਗਣ ਵਿਕਾਸ ਤੇ ਸਸ਼ਕਤੀਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀ ਰਾਸ਼ਟਰੀ ਯੁਵਾ ਨੀਤੀ-2014 ਦੀ ਅੱਜ ਨਹਿਰੂ ਯੁਵਾ ਕੇਂਦਰ, ਲੁਧਿਆਣਾ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋ-ਆਰਡੀਨੇਟਰ ਸੈਮਸਨ ਮਸੀਹ ਦੀ ਅਗਵਾਈ ਹੇਠ ਆਰ.ਐਸ ਮਾਡਲ ਸੀਨੀਅਰ ਸਕੈਂਡਰੀ ਸਕੂਲ, ਸ਼ਾਸਤਰੀ ਨਗਰ ਵਿਖੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਵੱਲੋਂ ਰੈਲੀ ਕੱਢੀ ਗਈ। ਜਿਸਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਪਵਨ ਦੀਵਾਨ ਤੇ ਮਲਕੀਤ ਸਿੰਘ ਦਾਖਾ ਨੇ ਹਰੀ ਝੰਡੀ ਦਿਖਾਈ।
ਇਸ ਤੋਂ ਪਹਿਲਾਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਦੀਵਾਨ ਤੇ ਦਾਖਾ ਨੇ ਕਿਹਾ ਕਿ ਨੌਜਵਾਨ ਹੀ ਦੇਸ਼ ਦਾ ਸੱਭ ਤੋਂ ਵੱਡਾ ਸਰਮਾਇਆ ਹਨ। ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀਆਂ ਹਿਦਾਇਤਾਂ ਹੇਠ ਰਾਸ਼ਟਰੀ ਯੁਵਾ ਨੀਤੀ-2014 ਤੇ ਰਾਜੀਵ ਗਾਂਧੀ ਖੇਡ ਅਭਿਆਨ ਸ਼ੁਰੂ ਕੀਤਾ ਗਿਆ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਰਾਸ਼ਟਰ ਨਿਰਮਾਣ ’ਚ ਹੋਰ ਵੀ ਵੱਧ ਚੜ੍ਹ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਯੁਵਾ ਨੀਤੀ 2014 ਨਾਲ ਜਿਥੇ ਨੌਜਵਾਨਾਂ ਦਾ 9000 ਕਰੋੜ ਦੀਆਂ ਵੱਖ ਵੱਖ ਸਕੀਮਾਂ ਹੇਠ ਸਸ਼ਕਤੀਕਰਨ, ਟ੍ਰੇਨਿੰਗ ਤੇ ਰੁਜ਼ਗਾਰ ਦਾ ਮੌਕਾ ਮਿਲੇਗਾ। ਉਥੇ ਹੀ ਰਾਜੀਵ ਗਾਂਧੀ ਖੇਡ ਅਭਿਆਨ ਹੇਠ ਇਹ ਨੌਜਵਾਨ ਦੇਸ਼ ਦੇ 6500 ਬਲਾਕਾਂ ’ਚ ਭਾਰਤ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਖੇਡ ਪ੍ਰੀਸ਼ਦਾਂ ਦਾ ਲਾਭ ਲੈ ਸਕਣਗੇ।
ਜ਼ਿਲ੍ਹਾ ਕੋਆਰਡੀਨੇਟਰ ਸੈਮਸਨ ਮਸੀਹ ਨੇ ਕਿਹਾ ਕਿ ਇਸ ਯੁਵਾ ਨੀਤੀ ਦਾ ਮੁੱਖ ਉਦੇਸ਼ ਨੋਜਵਾਨਾਂ ਦਾ ਸਰਵਾਂਗਣ ਵਿਕਾਸ ਤੇ ਸਸ਼ਕਤੀਕਰਨ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ’ਚ 15 ਤੋਂ 29 ਸਾਲ ਦੇ 27 1/2 ਪ੍ਰਤੀਸ਼ਤ ਨੌਜਵਾਨ ਆਉਂਦੇ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਬਹੁਤ ਫਾਇਦਾ ਪਹੁੰਚੇਗਾ ਅਤੇ ਉਹ ਦੇਸ਼ ਦਾ ਅਣਮੁੱਲਾ ਹੀਰਾ ਬਣਨਗੇ। ਇਸ ਮੌਕੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰਿੰਸੀਪਲ ਮੋਹਨ ਲਾਲ ਕਾਲੜਾ, ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ, ਭਾਰਤ ਸਰਕਾਰ ਦੀ ਨੌਜਵਾਨਾਂ ਦੀ ਮੋਹਰੀ ਸੰਸਥਾ ਹੈ, ਜਿਹੜੀ ਨੌਜਵਾਨਾਂ ਦੇ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਲੇਖਾਕਾਰ, ਵਿਧਾਇਕ ਸਿਮਰਨਜੀਤ ਸਿੰਘ ਬੈਂਸ, ਮਾਸਟਰ ਸੁਰਿੰਦਰ ਸਿੰਘ ਛਿੰਦਾ, ਵਾਈਸ ਪ੍ਰਿੰਸੀਪਲ ਮ¦ਿਦਰਜੀਤ ਕੌਰ, ਮੈਡਮ ਸੁਨੀਲ ਦੇਵਗਨ, ਸਾਬਕਾ ਕੌਂਸਲਰ ਸਤਵਿੰਦਰ ਸਿੰਘ ਜਵੱਦੀ, ਯੂਥ ਕਲੱਬਾਂ ਦੇ ਨੌਜਵਾਨ ਤੇ ਸਿਲਾਈ ਸੈਂਟਰਾਂ ਦੀਆਂ ਲੜਕੀਆਂ, ਸਕੂਲੀ ਬੱਚੇ ਵੀ ਮੌਜ਼ੂਦ ਰਹੇ।