ਲੁਧਿਆਣਾ,:(ਪ੍ਰੀਤੀ ਸ਼ਰਮਾ) – ਭਾਰਤ ਸਰਕਾਰ ਨੇ ਬੁੱਢਾ ਨਾਲਾ ਪ੍ਰੋਜੈਕਟ ਵਾਸਤੇ 37.50 ਕਰੋੜ ਰੁਪਏ ਦੀ ਹੋਰ ਸਹਾਇਤਾ ਰਾਸ਼ੀ ਜ਼ਾਰੀ ਕੀਤੀ ਹੈ। ਇਹ ਰਾਸ਼ੀ ਪਲਾਨਿੰਗ ਕਮਿਸ਼ਨ ਵੱਲੋਂ ਇਸ ਤੋਂ ਪਹਿਲਾਂ ਜ਼ਾਰੀ ਕੀਤੀ ਗਈ 50 ਕਰੋੜ ਰੁਪਏ ਤੇ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਵੱਲੋਂ ਨਾਲੇ ਦੀ ਸਫਾਈ ਲਈ ਬਾਇਓ ਰਿਮੇਡਿਏਸ਼ਨ ਪ੍ਰੋਜੈਕਟ ਹੇਠ ਮੁਹੱਈਆ ਕਰਵਾਏ 16 ਕਰੋੜ ਰੁਪਏ ਦੀ ਰਕਮ ਤੋਂ ਇਲਾਵਾ ਹੈ।ਇਸ ਬਾਰੇ ਇਥੇ ਜਾਣਕਾਰੀ ਦਿੰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਲਾਨਿੰਗ ਕਮਿਸ਼ਨ ’ਤੇ ਜ਼ੋਰ ਪਾਏ ਜਾਣ ਤੋਂ ਬਾਅਦ ਕਮਿਸ਼ਨ ਨੇ ਬੁੱਢੇ ਨਾਲੇ ਰਾਹੀਂ ਸੀਵਰੇਜ ਟ੍ਰੀਟਮੇਂਟ ਪਲਾਂਟ ’ਚ ਟ੍ਰੀਟਮੇਂਟ ਅਤੇ ਡਿਸਟ੍ਰੀਬਿਊਟਰੀਜ ਤੇ ਵਾਟਰ ਲਾਈਨਾਂ ਦੇ ਨੇਟਵਰਕ ਨੂੰ ਜੋੜਨ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਘਰੇਲੂ ਸੀਵਰੇਜ ਲਈ 37.50 ਕਰੋੜ ਰੁਪਏ ਦੀ ਸਿਫਾਰਿਸ਼ ਕੀਤੀ ਹੈ। ਮੰਤਰੀ ਨੇ ਕਿਹਾ ਕਿ ਫੰਡ ਨੂੰ ਕੰਮ ਕਰ ਰਹੀ ਏਜੰਸੀ ਨੂੰ ਤੁਰੰਤ ਜ਼ਾਰੀ ਕੀਤੇ ਜਾਣ ਦੇ ਨਿਰਦੇਸ਼ਾਂ ਹੇਠ ਇਹ ਫੰਡ ਤੁਰੰਤ ਸੂਬਾ ਸਰਕਾਰ ਨੂੰ ਜ਼ਾਰੀ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ’ਚ ਨਾਕਾਮ ਰਹਿਣ ’ਤੇ ਦੇਰੀ ਦੇ ਸਮੇਂ ਵਾਸਤੇ ਵਿਆਜ ਸਮੇਤ ਰਕਮ ਵਾਪਸ ਮੌੜਨੀ ਪਵੇਗੀ। ਤਿਵਾੜੀ ਨੇ ਆਸ ਜਾਹਿਰ ਕੀਤੀ ਹੈ ਕਿ ਸੂਬਾ ਸਰਕਾਰ ਸੁਨਿਸ਼ਚਿਤ ਕਰੇਗੀ ਕਿ ਫੰਡਾਂ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਦਾ ਵੀ ਹਾਲ ਉਸ ਤਰ੍ਹਾਂ ਨਾ ਹੋਵੇ, ਜਿਹੜਾ ਅਗਸਤ 2009 ’ਚ ਉਨ੍ਹਾਂ ਵੱਲੋਂ ਰਿਲੀਜ਼ ਕਰਵਾਏ 50 ਕਰੋੜ ਰੁਪਇਆਂ ਦਾ ਹੋਇਆ ਹੈ। ਜਿਸ ਬਾਰੇ ਸਰਕਾਰ ਨੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਸ ਰਕਮ ਨੂੰ ਕਿਵੇਂ ਤੇ ਕਿੱਥੇ ਖਰਚ ਕੀਤਾ ਗਿਆ ਹੈ। ਕਿਉਂਕਿ ਇਸ ਰਕਮ ਨੂੰ ਕਦੇ ਵੀ ਬੁੱਢੇ ਨਾਲੇ ਦੀ ਸਫਾਈ ਵਾਸਤੇ ਖਰਚਿਆ ਨਹੀਂ ਗਿਆ।