ਅੰਮ੍ਰਿਤਸਰ : ਹਿੰਡੁਜਾ ਗਰੁੱਪ ਆਫ਼ ਕੰਪਨੀ ਵੱਲੋਂ ਅਸ਼ੋਕ ਲੇਲੈਂਡ ੧੧੧੨ ਲ਼ਓ ਭੋਸਸ ਮਾਡਲ ਵਾਲਾ ਪਹਿਲਾ ਟਰੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ, ਜਿਸ ਦੀਆਂ ਚਾਬੀਆਂ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਨੋਦ ਕੇ.ਦਾਸਰੀ ਅਤੇ ਸ੍ਰੀ ਰਜੀਵ ਸਹਾਰੀਆ ਹੈੱਡ ਟਰੱਕਸ ਤੇ ਅਸ਼ੋਕ ਲੇਲੈਂਡ ਗਲੋਬ ਆਟੋ ਪਾਰਟਸ ਦੇ ਮੈਨੇਜਿੰਗ ਡਾਇਰੈਕਟਰ ਸ.ਜਗਜੀਤ ਸਿੰਘ ਸੇਠੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀਆਂ। ਉਨ੍ਹਾਂ ਕਿਹਾ ਕਿ ਹਿੰਡੂਜਾ ਗਰੁੱਪ ਆਫ਼ ਕੰਪਨੀ ਵੱਲੋਂ ਕੰਪਨੀ ਦੀ ਤਰੱਕੀ ਅਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਅਸ਼ੀਰਵਾਦ ਲੈਣ ਲਈ ਉਕਤ ਮਾਡਲ ਦਾ ਪਹਿਲਾਂ ਟਰੱਕ ਸੇਵਾ ਵਜੋਂ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਧੰਨਤਾਯੋਗ ਹਾਂ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਨਿਮਾਣਿਆਂ ਕੋਲੋਂ ਇਹ ਸੇਵਾ ਲਈ ਹੈ।
ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਸਕੱਤਰ ਸ.ਮਨਜੀਤ ਸਿੰਘ ਤੇ ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਵਿਨੋਦ ਕੇ.ਦਾਸਰੀ ਨੂੰ ਜੀ ਆਇਆ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਵਿਨੋਦ ਕੇ.ਦਾਸਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਨਾਲ ਆਏ ਸ੍ਰੀ ਰਜੀਵ ਸਹਾਰੀਆ, ਸ.ਅਮਨਦੀਪ ਸਿੰਘ ਜੌਨਲ ਮੈਨੇਜਰ (ਨੌਰਥ), ਸ੍ਰੀ ਅਲੋਕ ਸਰੌਗੀ ਹੈੱਡ ਬਰੈਡਿੰਗ, ਸ੍ਰੀ ਅਨਿਲ ਕੁਮਾਰ ਢੀਂਗਰਾ ਰਿਜਨਲ ਮੈਨੇਜਰ (ਚੰਡੀਗੜ੍ਹ), ਸ੍ਰੀ ਸੰਦੀਪ ਸ਼ਰਮਾਂ ਏਰੀਆ ਮੈਨੇਜਰ ਲੁਧਿਆਣਾ, ਸ.ਜਗਜੀਤ ਸਿੰਘ ਗਲੋਬ ਆਟੋ ਪਾਰਟਸ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।
ਪ੍ਰੈੱਸ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਵਿਨੋਦ ਕੇ.ਦਾਸਰੀ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਗੁਰੂ-ਘਰ ਦੇ ਅਨਿਨ ਸ਼ਰਧਾਲੂ ਹਨ। ਉਨ੍ਹਾਂ ਤੇ ਸਤਿਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ ਜੋ ਉਨ੍ਹਾਂ ਨੂੰ ਇਹ ਸੁਭਾਗ ਸੇਵਾ ਪ੍ਰਾਪਤ ਹੋਈ ਹੈ। ਉਪਰੰਤ ਸ੍ਰੀ ਵਿਨੋਦ ਕੇ.ਦਾਸਰੀ ਅਤੇ ਉਨ੍ਹਾਂ ਨਾਲ ਇਥੇ ਪਹੁੰਚੇ ਪਤਵੰਤੇ ਸੱਜਣਾਂ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਥਾਹ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਮੱਥਾ ਟੇਕਿਆ ਤੇ ਸਤਿਗੁਰੂ ਪਾਤਸ਼ਾਹ ਦਾ ਅਸ਼ੀਰਵਾਦ ਲਿਆ।
ਇਸ ਮੌਕੇ ਸ.ਖੁਸ਼ਵਿੰਦਰ ਸਿੰਘ ਭਾਟੀਆ ਤੇ ਸ.ਬਾਵਾ ਸਿੰਘ ਗੁਮਾਨਪੁਰ ਮੈਂਬਰ ਸ਼੍ਰੋਮਣੀ ਕਮੇਟੀ, ਸ.ਰੂਪ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਜਗਜੀਤ ਸਿੰਘ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ, ਸ.ਕੁਲਵਿੰਦਰ ਸਿੰਘ ਰਾਮਦਾਸ ਇੰਚਾਰਜ ਪਬਲੀਸਿਟੀ, ਸਹਾਇਕ ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।