ਲੁਧਿਆਣਾ,(ਪ੍ਰੀਤੀ ਸ਼ਰਮਾ) ਪੁਲਿਸ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਗਿੱਲ ਵੱਲੋਂ ਧਾਰਾ 144 ਅਧੀਨ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਸਾਰੀਆਂ ਬੈਂਕਾਂ ਦੇ ਏ.ਟੀ.ਐਮਜ਼ ਰਾਤ 8.00 ਵਜੇ ਤੋਂ ਸਵੇਰੇ 6 ਵਜੇ ਤੱਕ ਬਿਨ੍ਹਾਂ ਸੁਰੱਖਿਆ ਗਾਰਡ ਖੋਲਣ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 2 ਮਹੀਨੇ ਲਈ ਲਾਗੂ ਰਹਿਣਗੇ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਬੈਂਕਾਂ ਦੇ ਏ.ਟੀ.ਐਮਜ਼ ਲੁੱਟਣ ਅਤੇ ਏ.ਟੀ.ਐਮਜ਼ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ‘ਤੇ ਹਮਲੇ ਦੀਆਂ ਘਟਨਾਵਾਂ ਹੋਈਆ ਹਨ। ਉਹਨਾਂ ਦੱਸਿਆ ਕਿ ਅਜਿਹੀਆ ਘਟਨਾਵਾਂ ਆਮ ਲੋਕਾਂ ਅਤੇ ਏ.ਟੀ.ਐਮਜ਼ ਦੀ ਵਰਤੋਂ ਕਰਨ ਵਾਲਿਆਂ ’ਚ ਡਰ ਦੀ ਭਾਵਨਾ ਪੈਦਾ ਕਰਦੀਆ ਹਨ। ਉਹਨਾਂ ਦੱਸਿਆ ਕਿ ਆਮ ਲੋਕਾਂ ਅਤੇ ਏ.ਟੀ.ਐਮਜ਼ ਦੀ ਸੁਰੱਖਿਆ ਲਈ ਸਾਰੀਆਂ ਬੈਂਕਾਂ ਨੂੰ ਆਪਣੇ ਏ.ਟੀ.ਐਮਜ਼ ’ਤੇ ਰਾਤ 8.00 ਵਜੇ ਤੋਂ ਸਵੇਰੇ 6.00 ਵਜੇ ਤੱਕ ਸੁਰੱਖਿਆ ਗਾਰਡ ਲਗਾਉਣ ਦੇ ਹੁਕਮ ਲਾਗੂ ਕੀਤੇ ਗਏ ਹਨ।