ਕੋਟਕਪੂਰਾ, (ਗੁਰਿੰਦਰ ਸਿੰਘ ਮਹਿੰਦੀਰੱਤਾ) – ਨਾਮਵਰ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਅਜਨਾਲਾ ਵਿਚੋਂ ਨਿਕਲੀਆਂ ਹੱਡੀਆਂ ਵਾਲੇ ਫ਼ੌਜੀਆਂ ਦੀ ਯਾਦਗਾਰ ਬਣਾਉਣਾ ਗ਼ਦਾਰ ਡੋਗਰਿਆਂ, ਲਾਲ ਸਿੰਹ ਮਿਸਰ ਤੇ ਤੇਜਾ ਸਿੰਹ ਮਿਸਰ ਦੀ ਯਾਦਗਾਰ ਬਣਾਉਣ ਦੇ ਤੁਲ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਤਹਿਸੀਲ ਵਿਚ ਕਾਲਿਆਂ ਵਾਲੇ ਖੂਹ ਵਿਚੋਂ ਨਿਕਲਣ ਵਾਲੀਆਂ ਹੱਡੀਆਂ ਉਨ੍ਹਾਂ ਪੂਰਬੀ ਫ਼ੌਜੀਆਂ ਦੀਆਂ ਹਨ ਜਿਨ੍ਹਾਂ ਨੇ 1845 ਤੋਂ 1848 ਤਕ ਵਿਦੇਸ਼ੀ ਹਾਕਮਾਂ ਨਾਲ ਮਿਲ ਕੇ ਪੰਜਾਬ ਨੂੰ ਗ਼ੁਲਾਮ ਬਣਾਉਣ ਵਾਸਤੇ ਗ਼ਦਾਰੀ ਵਿਚ ਹਿੱਸਾ ਪਾਇਆ ਸੀ। ਇਹ ਉਹੀ ‘ਪੂਰਬੀ’ ਸਿਪਾਹੀ ਹਨ ਜਿਨ੍ਹਾਂ ਨੇ ਫੇਰੂ ਸ਼ਹਿਰ, ਮੁਦਕੀ, ਲੁਧਿਆਣਾ, ਸਭਰਾਵਾਂ ਵਿਚ ਅੰਗਰੇਜ਼ਾਂ ਦੇ ਗ਼ੁਲਾਮਾਂ ਵਾਂਗ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਕਰਨ ਵਾਸਤੇ ਪੰਜਾਬ ‘ਤੇ ਧਾਵਾ ਕੀਤਾ ਸੀ। ਸ਼ਰਮਨਾਕ ਸੀ ਪੰਜ ਝੰਡੇ ਚੁੱਕ ਕੇ ਪੰਜ ਪਿਆਰਿਆਂ ਦੀ ਸ਼ਕਲ ਵਿਚ, ਅਰਦਾਸ ਕਰ ਕੇ ਇਨ੍ਹਾਂ ਲਾਸ਼ਾਂ ਨੂੰ ਕੱਢਣਾ। ਇਹ ਹਰਕਤ ਨਿਸ਼ਾਨ ਸਾਹਿਬ, ਗੁਰਦੁਆਰਾ, ਅਰਦਾਸ ਦੀ ਬੇਅਦਬੀ ਸੀ।
ਡਾ: ਦਿਲਗੀਰ ਨੇ ਕਿਹਾ ਹੈ ਕਿ ਜਿਨ੍ਹਾਂ ਬਾਗ਼ੀ ਤੇ ਗ਼ਦਾਰ ਫ਼ੌਜੀਆਂ ਦੀਆਂ ਹੱਡੀਆਂ ਕੱਢੀਆਂ ਗਈਆਂ ਹਨ ਉਨ੍ਹਾਂ ਦਾ ਪੰਜਾਬ ਜਾਂ ਸਿੱਖਾਂ ਜਾਂ ਆਜ਼ਾਦੀ ਦੀ ਜੰਗ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਦੀ ਯਾਦਗਾਰ ਬਣਾਉਣਾ ਗ਼ਦਾਰ ਡੋਗਰਿਆਂ, ਲਾਲ ਸਿੰਹ ਮਿਸਰ ਤੇ ਤੇਜਾ ਸਿੰਹ ਮਿਸਰ ਦੀ ਯਾਦਗਾਰ ਬਣਾਉਣ ਦੇ ਤੁਲ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਅਤੇ ਸਿੱਖ ਅਜਿਹੀਆਂ ਬੇਵਕੂਫ਼ਾਨਾ ਹਰਕਤਾਂ ਕਰਨ ਵਿਚ ਦੁਨੀਆਂ ਭਰ ਵਿਚ ਮਸ਼ਹੂਰ ਹਨ। ਤਵਾਰੀਖ਼ ਸਬੰਧੀ ਕਿਸੇ ਵੀ ਕਾਰਵਾਈ ਨੂੰ ਕਰਨ ਤੋਂ ਪਹਿਲਾਂ ਇਸ ਸਬੰਧੀ ਕਿਸੇ ਇਤਿਹਾਸਕਾਰ ਕੋਲੋਂ ਤਵਾਰੀਖ਼ ਦਾ ਪਤਾ ਕੀਤਾ ਜਾਣਾ ਚਾਹੋਦਾ ਸੀ। ਸੁਰਿੰਦਰ ਕੋਛਰ ਜੀ ਨੂੰ ਆਰਕਾਈਵਜ਼ ਵਿਚੋਂ ਪੰਜਾਬ ਵਿਚ ਮਾਰੇ ਗਏ ਲੋਕਾਂ ਦਾ ਇਸ਼ਾਰਾ ਕੀ ਮਿਲਿਆ, ਉਨ੍ਹਾਂ ਨੇ ਇਸ ਨੂੰ ਪੰਜਾਬ ਦੀ ਤਵਾਰੀਖ਼ ਬਣਾ ਲਿਆ। ਇਹ ਸਸਤੀ ਸ਼ੁਹਰਤ ਵਾਲੀ ਹਰਕਤ ਹੈ।
ਉਨ੍ਹਾਂ 4 ਮਾਰਚ 2014 ਦੇ ਦਿਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਸੈਂਬਲੀ ਵਿਚ ਅੰਗਰੇਜ਼ੀ ਫ਼ੌਜ ਦੇ ਇਨ੍ਹਾਂ 282 ਸਿਪਾਹੀਆਂ ਨੂੰ ਅਖੌਤੀ ਸ਼ਰਧਾਂਜਲੀ ਭੇਟ ਕਰਨ ਦੀ ਕਾਰਵਾਈ ਨੂੰ ਤਵਾਰੀਖ਼ ਨਾਲ ਇਕ ਮਜ਼ਾਕ ਕਹਿੰਦਿਆਂ ਹੋਇਆਂ ਕਿਹਾ ਕਿ ਜੇ ਬਾਦਲ ਪੰਜਾਬ ਅਸੈਂਬਲੀ ਦਾ ਉਚੇਚਾ ਸੈਸ਼ਨ ਬੁਲਾ ਕੇ ਪਾਕਿਸਤਾਨੀ ਜੇਲ੍ਹ ਵਿਚ ਮਾਰੇ ਗਏ ਸਰਬਜੀਤ ਨੂੰ “ਕੌਮੀ ਸ਼ਹੀਦ” ਦਾ ਰੁਤਬਾ ਦੇ ਕੇ ਸ਼ਰਧਾਂਜਲੀ ਭੇਟ ਕਰਨ ਸਕਦਾ ਹੈ ਤਾਂ ਉਸ ‘ਸੱਕਾ ਨਜ਼ਾਮ’ ਵਾਸਤੇ ਅਜਿਹੀ ਹਰਕਤ ਕੋਈ ਹੈਰਾਨੀ ਪੈਦਾ ਕਰਨ ਵਾਲੀ ਨਹੀਂ ਹੈ।
ਅਜਨਾਲਾ ‘ਚੋਂ ਨਿਕਲੀਆਂ ਹੱਡੀਆਂ ਵਾਲੇ ਫ਼ੌਜੀਆਂ ਦੀ ਯਾਦਗਾਰ ਬਣਾਉਣਾ ਗ਼ਦਾਰ ਡੋਗਰਿਆਂ ਦੀ ਯਾਦਗਾਰ ਬਣਾਉਣ ਦੇ ਤੁਲ ਹੈ: ਡਾਕਟਰ ਦਿਲਗੀਰ
This entry was posted in ਪੰਜਾਬ.