ਕੁਆਲਾਲੰਪੁਰ – ਮਲੇਸ਼ੀਆ ਏਅਰ ਲਾਈਨਜ਼ ਦਾ ਇੱਕ ਜਹਾਜ਼ ਦੱਖਣੀ ਚੀਨ ਸਾਗਰ ਵਿੱਚ ਹਾਦਸੇ ਦਾ ਸਿ਼ਕਾਰ ਹੋ ਗਿਆ ਹੈ। ਕੁਆਲਾਲੰਪੁਰ ਤੋਂ ਚੀਨ ਦੀ ਰਾਜਧਾਨੀ ਪੇਚਿੰਗ ਜਾਣ ਵਾਲੇ ਇਸ ਜਹਾਜ਼ ਵਿੱਚ 239 ਯਾਤਰੀ ਸਵਾਰ ਸਨ। ਇਸ ਜਹਾਜ਼ ਵਿੱਚ 5 ਭਾਰਤੀ ਯਾਤਰੀ ਵੀ ਸ਼ਾਮਿਲ ਸਨ।
ਬੋਇੰਗ 777 ਨੇ ਸ਼ੁਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਦੇ 12.41 ਕੁਆਲਾਲੰਪਰ ਤੋਂ ਉਡਾਣ ਭਰੀ ਸੀ। ਜਹਾਜ਼ ਦੇ ਉਡਣ ਦੇ ਇੱਕ ਘੰਟੇ ਬਾਅਦ ਹੀ ਜਦੋਂ ਉਹ 35,000 ਹਜ਼ਾਰ ਫੁੱਟ ਦੀ ਉਚਾਈ ਤੇ ਸੀ ਤਾਂ ਆਖਰੀ ਸਮੇਂ ਉਸ ਨੂੰ ਰਡਾਰ ਤੇ ਵੇਖਿਆ ਗਿਆ। ਉਸ ਤੋਂ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ। ਉਸ ਨੇ ਸਵੇਰੇ ਸਾਢੇ ਛੇ ਵਜੇ ਬੀਜਿੰਗ ਪਹੁੰਚਣਾ ਸੀ। ਇਸ ਫਲਾਈਟ ਤੇ 14 ਦੇਸ਼ਾਂ ਦੇ ਯਾਤਰੀ ਸਵਾਰ ਸਨ। ਮਲੇਸ਼ੀਆ ਵੱਲੋੰ ਬਹੁਤ ਵੱਡੇ ਪੱਧਰ ਤੇ ਇਸ ਜਹਾਜ਼ ਦੀ ਤਲਾਸ਼ ਕੀਤੀ ਗਈ। ਚੀਨ ਅਤੇ ਫਿਲਪਾਈਨ ਵੀ ਇਸ ਦੁਰਘਟਨਾ ਗ੍ਰਸਤ ਜਹਾਜ਼ ਨੂੰ ਖੋਜਣ ਵਿੱਚ ਪੂਰੀ ਕੋਸਿ਼ਸ਼ ਕਰ ਰਹੇ ਹਨ। ਅਮਰੀਕਾ ਅਤੇ ਸਿੰਘਾਪੁਰ ਦੇ ਸੈਨਾ ਦੇ ਜਹਾਜ਼ ਵੀ ਖੋਜ ਵਿੱਚ ਲਗੇ ਹੋਏ ਹਨ।
ਵੀਅਤਨਾਮ ਦੀ ਨੇਵੀ ਦੇ ਇੱਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਜਹਾਜ਼ ਦੱਖਣੀ ਵੀਅਤਨਾਮ ਵਿੱਚ ਦੁਰਘਟਨਾ ਦਾ ਸਿ਼ਕਾਰ ਹੋ ਗਿਆ ਹੈ। ਵੀਅਤਨਾਮ ਦੇ ਐਡਮਿਰਲ ਨਾਗੋ ਵਾਨ ਫਾਟ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਦੁਰਘਟਨਾ ਸਥਾਨ ਦੀ ਪਛਾਣ ਕਰ ਲਈ ਗਈ ਹੈ। ਇਸ ਜਹਾਜ਼ ਵਿੱਚ ਚੀਨ ਦੇ ਸੱਭ ਤੋਂ ਵੱਧ 154 ਯਾਤਰੀ ਸਵਾਰ ਸਨ। ਇਸ ਫਲਾਈਟ ਵਿੱਚ ਸਵਾਰ ਯਾਤਰੀਆਂ ਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।