ਲੁਧਿਆਣਾ,(ਪ੍ਰੀਤੀ ਸ਼ਰਮਾ): ਵਿਕਾਸ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਕੇ ਲੋਕਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਲੋਕ ਜ਼ਮੀਨੀ ਹਕੀਕਤ ਨੂੰ ਜਾਣਦੇ ਹਨ, ਜਿਹੜੇ ਕਾਰਜ ਨੀਂਹ ਪੱਥਰਾਂ ਤੋਂ ਕਦੇ ਅੱਗੇ ਹੀ ਨਹੀਂ ਵੱਧ ਸਕੇ ਹਨ। ਇਹ ਸ਼ਬਦ ਜ਼ਿਲ੍ਹਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਪਵਨ ਦੀਵਾਨ ਤੇ ਮਲਕੀਤ ਸਿੰਘ ਦਾਖਾ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ ਬਾਵਾ ਨੇ ਸ਼ੁੱਕਰਵਾਰ ਦੇਰ ਸ਼ਾਮ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਢੰਡ ਪੈਲੇਸ, ਨਿਊ ਸ਼ਿਮਲਾਪੁਰੀ ਵਿਖੇ ਆਯੋਜਿਤ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਨੇ ਸੂਬੇ ’ਚ ਸੱਤਾਧਾਰੀ ਅਕਾਲੀ ਭਾਪਜਾ ਗਠਜੋੜ ਤੋਂ ਸਵਾਲ ਕੀਤਾ ਕਿ ਜੇ ਅਸਲੀਅਤ ’ਚ ਵਿਕਾਸ ਹੋਇਆ ਹੈ, ਤਾਂ ਕਿਉਂ ਸ਼ਹਿਰ ’ਚ ਸੜਕ-ਪਾਣੀ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਦੀ ਭਾਰੀ ਘਾਟ ਹੈ।
ਦੀਵਾਨ ਤੇ ਦਾਖਾ ਨੇ ਕਿਹਾ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ’ਚ ਹੀ ਸ਼ਹਿਰ ਨਾਲ ਜੁੜੇ ਮੁੱਦਿਆਂ ਨੂੰ ਦਿੱਲੀ ’ਚ ਜ਼ੋਰ ਸ਼ੋਰ ਨਾਲ ਉਠਾਉਣ ਦੀ ਸ਼ਮਤਾ ਹੈ ਅਤੇ ਪਿਛਲੇ ਪੰਜ ਸਾਲਾਂ ’ਚ ਲੁਧਿਆਣਾ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਕੇਂਦਰ ਤੋਂ ਲਿਆਏ ਗਏ ਪ੍ਰੋਜੈਕਟ ਇਸ ਪੱਖ ਨੂੰ ਸਾਬਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਤਿਵਾੜੀ ਸਿਰਫ ਵਾਅਦੇ ਨਹੀਂ ਕਰਦੇ, ਬਲਕਿ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕਾਬਲਿਅਤ ਵੀ ਰੱਖਦੇ ਹਨ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਤੋਂ ਸਿਟੀ ਬੱਸ ਸਰਵਿਸ ਲਈ ਜਵਾਹਰਲਾਲ ਨਹਿਰੂ ਅਰਬਨ ਰਿਨੂਅਲ ਮਿਸ਼ਨ ਤਹਿਤ 65 ਕਰੋੜ ਰੁਪਏ ਲਿਆਉਣਾ, ਬੁੱਢੇ ਨਾਲੇ ਦੀ ਸਫਾਈ ਵਾਸਤੇ ਕਰੀਬ 100 ਕਰੋੜ ਰੁਪਏ ਜ਼ਾਰੀ ਕਰਵਾਉਣਾ, ਅੰਮ੍ਰਿਤਸਰ-ਚੰਡੀਗੜ੍ਹ ਦੂਰੰਤੋ ਸੁਪਰਫਾਸਟ ਟ੍ਰੇਨ ਨੂੰ ਲੁਧਿਆਣਾ ’ਚ ਰੁੱਕਵਾਉਣਾ, ਲੁਧਿਆਣਾ ’ਚ ਪਾਸਪੋਰਟ ਸੇਵਾ ਕੇਂਦਰ ਖੁੱਲਵਾ ਕੇ ਸ਼ਹਿਰ ਅਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਇਕ ਵੱਡੀ ਸੁਵਿਧਾ ਪ੍ਰਦਾਨ ਕਰਨਾ, ਹੌਜ਼ਰੀ ਤੋਂ ਸੈਂਟਰਲ ਐਕਸਾਈਜ ਡਿਊਟੀ ਹਟਵਾਉਣਾ ਵਰਗੇ ਕਈ ਪ੍ਰੋਜੈਕਟ ਹਨ, ਜਿਹੜੇ ਸਿਰਫ ਤਿਵਾੜੀ ਹੀ ਲੁਧਿਆਣਾ ਲਈ ਲਿਆ ਸਕੇ ਹਨ। ਸੀਨੀਅਰ ਕਾਂਗਰਸੀ ਆਗੂ ਕੇ.ਕੇ ਬਾਵਾ ਨੇ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਗਠਜੋੜ ਸਰਕਾਰ ਦੇ ਇਨ੍ਹਾਂ 7 ਸਾਲਾਂ ਦੇ ਸ਼ਾਸਨਕਾਲ ਦੌਰਾਨ ਲੁਧਿਆਣਾ ’ਚ ਕੋਈ ਵਿਕਾਸ ਨਹੀਂ ਹੋਇਆ ਹੈ। ਕੇਂਦਰੀ ਪ੍ਰੋਜੈਕਟਾਂ ਨੂੰ ਛੱਡ ਦਿੱਤਾ ਜਾਵੇ, ਤਾਂ ਸੂਬਾ ਸਰਕਾਰ ਵੱਲੋਂ ਲੁਧਿਆਣਾ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿਰਫ ਨੀਂਹ ਪੱਥਰ ਲਗਵਾ ਕੇ ਫੋਟੋ ਖਿਚਵਾਉਣ ਨਾਲ ਵਿਕਾਸ ਨਹੀਂ ਹੋ ਜਾਂਦਾ, ਵਿਕਾਸ ਜਮੀਨੀ ਪੱਧਰ ’ਤੇ ਦਿਖਣਾ ਵੀ ਚਾਹੀਦਾ ਹੈ।
ਉਕਤ ਆਗੂਆਂ ਨੇ ਕਿਹਾ ਕਿ ਵਿਕਾਸ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਕੇ ਲੋਕਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਲੋਕ ਜਮੀਨੀ ਹਕੀਕਤ ਜਾਣਦੇ ਹਨ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ ਤੱਗੜ, ਜਰਨੈਲ ਸਿੰਘ ਸ਼ਿਮਲਾਪੁਰੀ, ਰਾਕੇਸ਼ ਸ਼ਰਮਾ, ਸਤਵਿੰਦਰ ਸਿੰਘ ਜਵੱਦੀ, ਕੁਲਵੰਤ ਸਿੰਘ ਸਿੱਧੂ, ਮਹਿੰਦਰ ਸਿੰਘ ਸ਼ੀਂਹ, ਅਵਤਾਰ ਸਿੰਘ ਕੰਡਾ, ਡਾ. ਓਂਕਾਰ ਚੰਦ ਸ਼ਰਮਾ, ਨਰਿੰਦਰ ਪਾਲ ਸਿੰਘ ਸੁਰਾ, ਬਹਾਦਰ ਸਿੰਘ ਰਿਐਤ, ਕਮਲ ਸ਼ਰਮਾ, ਰਾਮ ਸਿੰਘ, ਸੁਨੀਲ ਸ਼ੁਕਲਾ, ਪ੍ਰਿੰਸ ਜੋਹਰ, ਸਿਕੰਦਰ ਸਿੰਘ ਲੋਹਾਰਾ, ਬਲਵਿੰਦਰ ਸਿੰਘ ਬੇਦੀ, ਸੁਖਵਿੰਦਰ ਸਿੰਘ ਬਾਬਾ, ਰਾਮ ਸਿੰਘ, ਹਰਜਿੰਦਰ ਸਿੰਘ ਓਮ, ਸਾਧੂ ਰਾਮ ਸਿੰਘੀ, ਪ੍ਰਿੰਸ ਜੋਹਰ, ਪਰਮਜੀਤ ਸਿੰਘ, ਗੁਰਜੀਤ ਸਿੰਘ ਸ਼ੀਂਹ, ਜਗਤਾਰ ਸਿੰਘ ਸੇਖਾ, ਬਾਊ ਮੁਲਖ ਰਾਜ, ਹਰਭਗਵਾਨ ਦਾਸ, ਹਰਚੰਦ ਸਿੰਘ ਧੀਰ, ਬੋਧਰਾਜ ਸ਼ਰਮਾ, ਗੁਰਦਿਆਲ ਸਿੰਘ ਬਾਜਵਾ, ਹਰਵਿੰਦਰ ਸਿੰਘ ਬਿੱਟੂ, ਦਲਜੀਤ ਰਾਏ, ਜਸਵੰਤ ਸਿੰਘ ਭੁੱਲਰ ਵੀ ਮੌਜ਼ੂਦ ਰਹੇ।