ਲੁਧਿਆਣਾ,(ਪ੍ਰੀਤੀ ਸ਼ਰਮਾ) ਆਗਾਮੀ 30 ਅਪ੍ਰੈਲ, 2014 ਨੂੰ ਲੋਕ ਸਭਾ ਹਲਕਾ ਲੁਧਿਆਣਾ-7 ਲਈ ਹੋਣ ਵਾਲੀ ਚੋਣ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਪੱਬਾਂ ਭਾਰ ਹੋ ਗਿਆ ਹੈ ਅਤੇ ਇਸ ਲਈ ਵਿਸ਼ੇਸ਼ ਨੀਤੀ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਵਿੱਚ 64.77 ਫੀਸਦੀ ਵੋਟਿੰਗ ਹੋਈ ਸੀ, ਜੋ ਕਿ ਇਸ ਵਾਰ 85 ਫੀਸਦੀ ਤੱਕ ਵਧਾਉਣ ਲਈ ਕਮਰਕੱਸੇ ਕਰ ਲਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਜਤ ਅਗਰਵਾਲ ਵੱਲੋਂ ਦੱਸਿਆ ਗਿਆ ਕਿ ਇਸ ਹਲਕੇ ਵਿੱਚ ਪੋਲ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਲਈ ਜੋ ਤਰੀਕੇ ਅਪਣਾਏ ਜਾਣੇ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਜੋ ਨੌਜਵਾਨ ਪਹਿਲੀ ਵਾਰ ਵੋਟਿੰਗ ਕਰਨਗੇ, ਉਨ੍ਹਾਂ ਨੂੰ ਕੁਝ ਵਿਸ਼ੇਸ਼ ਰੈਸਤਰਾਂ, ਸਿਨੇਮਾ ਘਰਾਂ ਅਤੇ ਹੋਰ ਮਨੋਰੰਜਨ ਵਾਲੇ ਸਥਾਨਾਂ ’ਤੇ ਵਿਸ਼ੇਸ਼ ਡਿਸਕਾਊਂਟ ਦਿਵਾਇਆ ਜਾਵੇਗਾ। ਇਸੇ ਤਰ੍ਹਾਂ ਪਹਿਲੀ ਵਾਰ ਵੋਟ ਕਰਨ ਦੇ ਇਤਿਹਾਸਕ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਤਸਵੀਰ ਵੀ ਮੁਹੱਈਆ ਕਰਵਾਈ ਜਾਵੇਗੀ। ਟ੍ਰੈਫਿਕ ਪੁਲਿਸ ਵੱਲੋਂ ਲਾਈਟਾਂ ਵਾਲੇ ਚੌਕਾਂ ਵਿੱਚ ਵਿਸ਼ੇਸ਼ ਆਡੀਓ ਕੈਸਿਟਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਵੋਟਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਲਗਾਤਾਰ ਕੀਤੀ ਜਾਵੇਗੀ। ਵੱਖ-ਵੱਖ ਪ੍ਰਸਿੱਧ ਥਾਵਾਂ, ਗਲੀਆਂ, ਪਾਰਕਾਂ ਅਤੇ ਸ਼ਾਪਿੰਗ ਮਾਲਜ਼ ਵਗੈਰਾ ਵਿੱਚ ਛੋਟੇ-ਛੋਟੇ ਨਾਟਕ ਜਾਂ ਸਮਾਗਮ ਕਰਾਏ ਜਾਣਗੇ।
ਮੋਬਾਈਲ ਵੈਨਾਂ ਸ਼ਹਿਰ ਦੀ ਗਲੀ-ਗਲੀ ਜਾ ਕੇ ਪ੍ਰਚਾਰ ਕਰਨਗੀਆਂ। ਵੈਨਾਂ ’ਤੇ ਵੋਟ ਕਰਨ ਸੰਬੰਧੀ ਨਾਅਰੇ ਲਿਖੇ ਹੋਣਗੇ। ਸ਼ਹਿਰ ਅਤੇ ਕਸਬਿਆਂ ਵਿੱਚ ਚੱਲਦੇ ਲੋਕਲ ਕੇਬਲ ਚੈਨਲਾਂ, ਮੂਵੀ ਹਾਲਜ਼, ਸਿਨੇਮਾ ਘਰਾਂ ਸਮੇਤ ਐ¤ਫ. ਐ¤ਮ. ਰੇਡੀਓ ਅਤੇ ਹੋਰ ਪ੍ਰਚਾਰ ਸਾਧਨਾਂ ’ਤੇ ਵੀਡੀਓ ਅਤੇ ਆਡੀਓ ਕਲਿੱਪਜ਼ ਚਲਾਈਆਂ ਜਾ ਰਹੀਆਂ ਹਨ। ਗੈਸ ਏਜੰਸੀਆਂ, ਮਾਲਜ਼, ਬੈਂਕਾਂ ਅਤੇ ਏ. ਟੀ. ਐ¤ਮਜ਼ ’ਤੇ ਬੈਨਰ/ਸਕਰੀਨ ਸੇਵਰਜ਼ ਲਗਾਉਣ ਬਾਰੇ ਵੀ ਸੰਬੰਧਤ ਅਥਾਰਟੀਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ। ਸੁਵਿਧਾ ਕੇਂਦਰਾਂ ਰਾਹੀਂ ਬਲਕ ਮੈਸਿਜ਼ਸ ਜਾਰੀ ਕਰਨ ਦੇ ਨਾਲ-ਨਾਲ ਇਥੋਂ ਪ੍ਰਾਪਤ ਹੋਣ ਵਾਲੇ ਸਾਰੇ ਦਸਤਾਵੇਜ਼ਾਂ ਜਾਂ ਰਸੀਦਾਂ ’ਤੇ ਵੋਟ ਦਾ ਅਧਿਕਾਰ ਵਰਤਣ ਬਾਰੇ ਬਕਾਇਦਾ ਮੋਹਰ (ਠੱਪਾ) ਲਗਾਈ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਮਾਲ ਰੋਡ ਅਤੇ ਕਿਪਸ ਮਾਰਕੀਟ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਕੈਂਡਲ ਮਾਰਚ (ਮੋਮਬੱਤੀਆਂ) ਕੱਢੇ ਜਾਣਗੇ ਅਤੇ ਵੋਟਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਸੰਬੰਧੀ ਸਹੁੰ ਚੁਕਾਈ ਜਾਵੇਗੀ। ਵੋਟ ਅਤੇ ਇਸਦੀ ਅਹਿਮੀਅਤ ਬਾਰੇ ਸਵਾਲ ਜਵਾਬ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਦਿਲਖਿੱਚਵੇਂ ਇਨਾਮ ਵੀ ਦਿੱਤੇ ਜਾਣਗੇ।
ਬੱਸਾਂ ਅਤੇ ਹੋਰ ਕਲਾ ਅਕਾਦਮੀਆਂ ਦੀਆਂ ਇਮਾਰਤਾਂ ’ਤੇ ਪੋਸਟਰ ਅਤੇ ਬੈਨਰ ਲਗਾਏ ਜਾਣਗੇ। ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨ ਇਮਾਰਤਾਂ, ਫਲਾਈਓਵਰਾਂ ਅਤੇ ਹੋਰ ਪ੍ਰਸਿੱਧ ਦੀਵਾਰਾਂ ’ਤੇ ਰੰਗਦਾਰ ਪੇਂਟਿੰਗ ਕੀਤੀ ਜਾਵੇਗੀ ਅਤੇ ਵੋਟਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਸੰਬੰਧੀ ਅਪੀਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਗਾਮੀ ਕਣਕ ਦੀ ਕਟਾਈ ਮੌਕੇ ਕਿਸਾਨਾਂ ਦੇ ਰੁੱਝੇ ਹੋਣ ਕਾਰਨ ਉਨ੍ਹਾਂ ਨੂੰ ਮੰਡੀਆਂ ਵਿੱਚ ਸੰਪਰਕ ਕੀਤਾ ਜਾਵੇਗਾ ਅਤੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।