ਲੁਧਿਆਣਾ,(ਪ੍ਰੀਤੀ ਸ਼ਰਮਾ) ਸੁਤੰਤਰਤਾ ਸੰਗਰਾਮ ’ਚ ਸਰਗਰਮ ਰਹੀ ਮੁਸਲਿਮ ਸਿਆਸੀ ਪਾਰਟੀ ‘ਮਜਲਿਸ ਅਹਿਰਾਰ ਇਸਲਾਮ ਹਿੰਦ’ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ 2014 ਦੇ ਲੋਕ ਸਭਾ ਚੋਣਾਂ ਨੂੰ ਲੈਕੇ ਦੇਸ਼ ਭਰ ਦੀਆਂ ਕੌਮੀ ਅਤੇ ਸੂਬਾ ਪੱਧਰੀ ਸਿਆਸੀ ਮੁਸਲਿਮ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਇਸ ਬਾਰ ਲੋਕਸਭਾ ਚੋਣਾਂ ਵਿਚ ਦੇਸ਼ ਭਰ ਦੇ ਘੱਟ ਗਿਣਤੀ ਵਰਗ ਇਕ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰੇ। ਪੰਜਾਬ ਦੇ ਸ਼ਾਹੀ ਇਮਾਮ ਨੇ ਆਲ ਇੰਡੀਆ ਮੁਸਲਿਮ ਪਰਸਨਲ ਲਾੱ ਬੋਰਡ ਦੇ ਪ੍ਰਧਾਨ ਸਮੇਤ ਸਾਰੇ ਮੁਸਲਿਮ ਆਗੂਆਂ ਨੂੰ ਇਕਜੁੱਟ ਹੋਣ ਦੀ ਸਲਾਹ ਦਿੱਤੀ ਹੈ।
ਮੌਲਾਨਾ-ਹਬੀਬ-ਉਰ-ਰਹਿਮਾਨ ਨੇ ਜਾਰੀ ਪ੍ਰੈਸ ਬਿਆਨ ’ਚ ਕਿਹਾ ਕਿ ਰੇਤ ਦੇ ਕਣ ਵੀ ਜੇਕਰ ਇੱਕਜੁੱਟ ਹੋ ਜਾਣ ਤਾਂ ਤੂਫਾਨ ਬਣ ਜਾਂਦਾ ਹੈ। ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਸਾਰੀਆਂ ਮੁਸਲਿਮ ਸਿਆਸੀ ਪਾਰਟੀਆਂ ਆਪਣੀ ਵੱਖ-ਵੱਖ ਰਣਨੀਤੀ ਬਨਾਉਣ ਦੀ ਬਜਾਏ ਸੰਯੁੱਕਤ ਰਣਨੀਤੀ ਦਾ ਐਲਾਨ ਕਰਨ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਸੰਬੰਧ ’ਚ ਸਰਵ ਸਾਂਝੀ ਮੀਟਿੰਗ ਹੋ, ਜਿਹੜੀ ਕਿ ਜਲਦ ਹੀ ਦਿੱਲੀ ’ਚ ਬੁਲਾਈ ਜਾਏਗੀ।
ਸ਼ਾਹੀ ਇਮਾਮ ਨੇ ਕਿਹਾ ਕਿ ਲੋਕ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਮੁਸਲਮਾਨ ਵੀ ਇਕ ਜਿੰਮੇਵਾਰ ਸ਼ਹਿਰੀ ਵਾਂਗ ਤਿਆਰ ਰਹਿਣ। ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣ ਕਿ ਮੁਸਲਮਾਨ ਡਰਾ ਹੋਇਆ ਨਹੀਂ ਹੈ, ਬਲਕਿ ਲੋਕਤਾਂਤਰਿਕ ਪਾਰਟੀਆਂ ਦੇ ਨਾਲ ਮਿਲ ਕੇ ਫਿਰਕਾਪਰਸਤ ਤਾਕਤਾਂ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਮ ਮੁਸਲਮਾਨ ਨੂੰ ਇਸ ਗੱਲ ਤੋਂ ਕੁੱਝ ਲੈਣਾ-ਦੇਣਾ ਨਹੀਂ ਕਿ ਕਿਹੜਾ ਮੁਸਲਿਮ ਆਗੂ ਕਿਸ ਕੁਰਸੀ ’ਤੇ ਬੈਠਦਾ ਹੈ, ਕੌਮ ਨੂੰ ਤਾਂ ਆਪਣੀ ਸੁਰਖਿਆ, ਇੱਜਤ, ਸਿੱਖਿਆ, ਰੋਜ਼ਗਾਰ ਜਿਹੀਆਂ ਮੂਲਭੂਤ ਸੁਵਿਧਾਵਾਂ ਦੀ ਜ਼ਰੂਰਤ ਹੈ, ਜੋ ਕਿ ਬਿਨਾਂ ਇਮਾਨਦਾਰ ਲੀਡਰਸ਼ਿਪ ਦੇ ਸੰਭਵ ਨਹੀਂ।
ਸ਼ਾਹੀ ਇਮਾਮ ਨੇ ਕਿਹਾ ਕਿ ਇੱਕਜੁਟਤਾ ਤੋਂ ਬਿਨਾਂ ਸਿਆਸੀ ਤਾਕਤ ਹਾਸਲ ਨਹੀਂ ਕੀਤੀ ਜਾ ਸਕਦੀ। ਮੁਸਲਮਾਨ ਆਗੂਆਂ ਨੂੰ ਆਪਣੀ ਸ਼ਾਨ ਨੂੰ ਛੱਡ ਕੇ ਇਕ ਹੋਣਾ ਹੀ ਹੋਵੇਗਾ, ਤੱਦ ਹੀ ਕੌਮੀ ਪੱਧਰ ’ਤੇ ਕੌਮ ਦਾ ਰੂਤਬਾ ਬਲੁੰਦ ਹੋਵੇਗਾ। ਉਨ੍ਹਾਂ ਕਿਹਾ ਕਿ ਮੁਸਮਿਲ ਪਾਰਟੀਆਂ ਵਿਚ ਅੱਜ ਵੀ ਇਮਾਨਦਾਰ ਅਤੇ ਜੁਰਤਮੰਦ ਆਗੂ ਮੌਜੂਦ ਹਨ, ਲੇਕਿਨ ਆਪਣੇ ਹਿਤਾਂ ਦੀ ਖਾਤਿਰ ਉਹ ਇਕ ਹੋਣ ਦੀ ਰਾਹ ਤੋਂ ਦੂਰ ਹਨ। ਸਾਰੇ ਆਗੂ ਜੇਕਰ ਮੁਸਲਿਮ ਕੌਮ ਦੀ ਤਰੱਕੀ ਲਈ ਇਕ ਬਾਰ ਇੱਕਜੁੱਟ ਹੋ ਕੇ ਇਕ ਪਲੇਟਫਾਰਮ ’ਤੇ ਆ ਜਾਣ ਤਾਂ ਲੋਕਸਭਾ ਚੋਣਾਂ ਵਿਚ ਉਨ੍ਹਾਂ ਦੀ ਇਕ ਵੱਖਰੀ ਪਛਾਣ ਹੋਵੇਗੀ, ਜੋ ਕਿ ਕੌਮ ਦੀ ਤਰੱਕੀ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋਵੇਗੀ। ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਫਿਰਕਾਪਰਸਤ ਪਾਰਟੀਆਂ ਮੁਸਲਿਮ ਵੋਟ ਬੈਂਕ ਨੂੰ ਵੰਡਣ ਲਈ ਡਮੀ ਉਮੀਦਵਾਰ ਨਾ ਉਤਾਰਣ।