ਬਰਨਾਲਾ,(ਜੀਵਨ) – ਅੰਗਰੇਜ਼ਾਂ ਦੀ ਧਰਤੀ ਲੰਡਨ ਵਿਖੇ ਵਸਦੇ ਪ੍ਰੰਤੂ ਆਪਣੀ ਮਾਂ ਬੋਲੀ ਪੰਜਾਬੀ ’ਚ ਦੋ ਦਰਜ਼ਨ ਤੋਂ ਜਿਆਦਾ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ’ਚ ਪਾਉਣ ਵਾਲੇ ਪੰਜਾਬੀ ਪੁੱਤਰ ਸ਼ਿਵਚਰਨ ਜੱਗੀ ਕੁੱਸਾ ਦਾ ਅੱਜ ਨਾਨਕੇ ਪਿੰਡ ਰਾਮਗੜ੍ਹ ਵਿਖੇ ਪੁੱਜਣ ’ਤੇ ਭਰਵੇਂ ਸੁਆਗਤ ਉਪਰੰਤ ਪੁਰਾਤਨ ਰਵਾਇਤ ਛੰਨਾਂ ਤੇ ਖੇਸ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਨਕਿਆਂ ਵੱਲੋਂ ਪਿੰਡ ਰਾਮਗੜ੍ਹ ਦੀ ਲਾਇਬਰੇਰੀ ਵਿਖੇ ਰੱਖੇ ਗਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਦੇ ਮਾਮੇ ਦੇ ਪੋਤੇ ਅਤੇ ਲਾਇਬਰੇਰੀ ਕਮੇਟੀ ਦੇ ਜਨਰਲ ਸਕੱਤਰ ਜੀਵਨ ਰਾਮਗੜ੍ਹ ਨੇ ਜਿਥੇ ਜੱਗੀ ਕੁੱਸਾ ਦੀ ਜਾਣ ਪਛਾਣ ਕਰਵਾਈ ਉਥੇ ਉਨ੍ਹਾਂ ਦੀਆਂ ਵਿਦੇਸ਼ੀ ਭੂਮੀ ’ਤੇ ਆਰਥਿਕ ਸਫ਼ਲਤਾ ਦੇ ਨਾਲ-ਨਾਲ ਸਾਹਿਤਕ ਪ੍ਰਾਪਤੀਆਂ ਸਬੰਧੀ ਵਿਸਥਾਰ ਸਹਿਤ ਜਾਣੂ ਕਰਵਾਇਆ। ਪਿੰਡ ਦੇ ਸਾਬਕਾ ਸਰਪੰਚ ਨਛੱਤਰ ਸਿੰਘ ਭੁੱਲਰ ਤੇ ਸਿਖਿਆ ਸਾਸ਼ਤਰੀ ਭੁਪਿੰਦਰ ਸਿੰਘ ਢਿੱਲੋਂ ਨੇ ਪਿੰਡ ਦੇ ਦੋਹਤੇ ਸ਼ਿਵਚਰਨ ਕੁੱਸਾ ਵੱਲੋਂ ਵਲਾਇਤ ਜਾ ਕੇ ਵੀ ਮਾਂ ਬੋਲੀ ਪੰਜਾਬੀ ਦਾ ਮੋਹ ਪਾਲ਼ਦਿਆਂ ਵੱਡੀਆਂ ਸਾਹਿਤਕ ਕਿਰਤਾਂ ਰਾਹੀਂ ਪੰਜਾਬੀ ਸਾਹਿਤ ਨੂੰ ਅਮੀਰ ਕਰਨ ’ਚ ਪਾਏ ਅਹਿਮ ਯੋਗਦਾਨ ’ਤੇ ਭਾਰੀ ਮਾਣ ਮਹਿਸੂਸ ਕੀਤਾ ਅਤੇ ਪਿੰਡ ਦੀ ਆਪਣੇ ਵਿਰਸੇ ਨਾਲੋਂ ਟੁੱਟ ਰਹੀ ਨੌਜਵਾਨ ਪੀੜ੍ਹੀ ਨੂੰ ਸ੍ਰੀ ਕੁੱਸਾ ਤੋਂ ਪ੍ਰੇਰਨਾ ਲੈਣ ਦੀ ਲੋੜ ’ਤੇ ਜੋਰ ਦਿੱਤਾ। ਸਮਾਗਮ ਦੌਰਾਨ ਹਾਜ਼ਰ ਪਿੰਡ ਦੇ ਹੀ ਕੈਨੇਡਾ ਵਸਦੇ ਅਮਰਜੀਤ ਸਿੰਘ ਚਹਿਲ ਨੇ ਸ਼ਿਵਚਰਨ ਕੁੱਸਾ ਨੂੰ ਅਮਰੀਕਾ, ਕੈਨੇਡਾ ਸਮੇਤ ਯੂਰਪੀਨ ਮੁਲਕਾਂ ’ਚ ਛਪਦੇ ਅਖਬਾਰਾਂ, ਰਸਾਲਿਆਂ ’ਚ ਛਪਦਾ ਤੇ ਰੇਡੀਓ ’ਚ ਪ੍ਰਸਾਰਿਤ ਹੁੰਦਾ ਉੱਘਾ ਹਸਤਾਖ਼ਰ ਦੱਸਿਆ। ਸ੍ਰੀ ਕੁੱਸਾ ਦੇ ਨਾਨਕੇ ਪ੍ਰੀਵਾਰ ਦੇ ਮੈਂਬਰਾਂ ਬਲਜੀਤ ਕੌਰ ਅਤੇ ਜੀਵਨ ਰਾਮਗੜ੍ਹ ਨੇ ਪਤਵੰਤਿਆ ਤੇ ਸਰੋਤਿਆਂ ਦੀ ਹਾਜ਼ਰੀ ’ਚ ਰਵਾਇਤੀ ਢੰਗ ਨਾਲ ਛੰਨਾਂ ਤੇ ਖੇਸ ਭੇਂਟ ਕਰਕੇ ਆਪਣੇ ਦੋਹਤੇ ਸ਼ਿਵਚਰਨ ਜੱਗੀ ਕੁੱਸਾ ਦਾ ਸਨਮਾਨ ਕੀਤਾ। ਪਿੰਡ ਦੀ ਪੰਚਾਇਤ, ਲਾਇਬਰੇਰੀ ਕਮੇਟੀ ਆਗੂਆਂ ਤੇ ਇਲਾਕੇ ਦੇ ਪੱਤਰਕਾਰ ਭਾਈਚਾਰੇ ਵੱਲੋਂ ਪ੍ਰਸੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਨਾਨਕੇ ਪ੍ਰੀਵਾਰ ਤੇ ਪੰਚਾਇਤ ਵੱਲੋਂ ਸਨਮਾਨ ਹਾਸਲ ਕਰਦਿਆਂ ਸੰਵੇਦਨਸ਼ੀਲ ਲੇਖਕ ਸ਼ਿਵਚਰਨ ਜੱਗੀ ਕੁੱਸਾ ਦੀਆਂ ਅੱਖਾਂ ਨਮ ਹੋ ਗਈਆਂ ਤੇ ਗੱਚ ਭਰ ਆਇਆ। ਕੁੱਸਾ ਨੇ ਸਿਰਫ਼ ਭਾਵੁਕ ਹੁੰਦਿਆਂ ਸਿਰਫ਼ ਇੰਨ੍ਹਾਂ ਹੀ ਕਹਿ ਸਕਿਆ ਕਿ ਇਹ ਮਾਣ ਸਨਮਾਨ ਮੇਰੇ ਲਈ ਦੁਨੀਆਂ ਦੇ ਵੱਡੇ ਸਨਮਾਨ ਤੋਂ ਵੀ ਉੱਚਾ ਹੈ ਅਤੇ ਇਸ ਖੁਸ਼ੀ ਲਈ ਬਿਆਨਣਾਂ ਮੇਰੇ ਲਈ ਸੰਭਵ ਨਹੀਂ। ਕੁਝ ਦੇਰ ਉਪਰੰਤ ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਨਾਨਕੇ ਪਿੰਡ ਦੀਆਂ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਜਿਕਰਯੋਗ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਨੇ ਪੰਜਾਬੀ ਸਾਹਿਤ ਦੀ ਝੋਲੀ ‘ਕੋਈ ਲ¤ਭੋ ਸੰਤ ਸਿਪਾਹੀ ਨੂੰ’, ‘ਉਜੜ ਗਏ ਗਰਾਂ’, ‘ਬਾਰ੍ਹੀਂ ਕੋਹੀਂ ਬਲਦਾ ਦੀਵਾ’, ‘ਤਰਕਸ਼ ਟੰਗਿਆ ਜੰਡ’ ਆਦਿ ਸਮੇਤ 20 ਨਾਵਲ, 4 ਕਹਾਣੀ ਸੰਗ੍ਰਹਿ ਤੇ ਇੱਕ ਵਿਅੰਗ ਸੰਗ੍ਰਹਿ ਤੋਂ ਇਲਾਵਾ ‘ਸਾਡਾ ਹੱਕ’ ਫਿਲਮ ਦੇ ਡਾਇਲਾਗ ਵੀ ਲਿਖੇ ਹਨ ਅਤੇ ਉਸਨੂੰ 7 ਗੋਲਡ ਮੈਡਲ ਤੇ 17 ਅਚੀਵਮੈਂਟ ਐਵਾਰਡ ਮਿਲ ਚੁੱਕੇ ਹਨ।
ਇਸ ਮੌਕੇ ਦੂਰਦਰਸ਼ਨ ਜ¦ਧਰ ਤੋਂ ਮਨਿੰਦਰ ਮੌਂਗਾ, ਚਮਕੌਰ ਸਿੰਘ ਕੈਨੇਡੀਅਨ, ਸਰਪੰਚ ਰਣਜੀਤ ਸਿੰਘ, ਸ਼ਹੀਦ ਊਧਮ ਸਿੰਘ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਨਿਰਭੈ ਸਿੰਘ, ਜਨਰਲ ਸਕੱਤਰ ਜੀਵਨ ਸਿੰਘ, ਸਮਾਜ ਸੇਵੀ ਡਾ. ਹਰੀ ਸਿੰਘ, ਜੀਤ ਸਿੰਘ ਗਿੱਲ, ਮਾ. ਗੁਰਨਾਮ ਸਿੰਘ, ਸੁਖਪਾਲ ਸਿੰਘ ਪਾਲੀ, ਜਗਸੀਰ ਸ਼ੀਰਾ, ਪੇਂਡੂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਮੱਖਣ ਸਿੰਘ ਰਾਮਗੜ੍ਹ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਗੋਗੀ, ਯੋਗੇਸ਼ ਸ਼ਰਮਾ ਸਮੇਤ ਪਿੰਡ ਦੇ ਪਤਵੰਤੇ ਤੇ ਸਰੋਤੇ ਹਾਜ਼ਰ ਸਨ।