ਲੁਧਿਆਣਾ, (ਪ੍ਰੀਤੀ ਸ਼ਰਮਾ) ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਦੀ ਨਾਮਜ਼ਦਗੀ ਸਬੰਧੀ ਐਲਾਨ ਕੀਤੇ ਜਾਣ ਤੋਂ ਬਾਅਦ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਪਾਰਟੀ ਵੱਲੋਂ ਉਨ੍ਹਾਂ ਦੀ ਉਮੀਦਵਾਰੀ ਸਬੰਧੀ ਫੈਸਲਾ 12 ਮਾਰਚ ਨੂੰ ਲਏ ਜਾਣ ਦੀ ਉਮੀਦ ਹੈ। ਇਥੇ ਜ਼ਾਰੀ ਸਾਂਝੇ ਬਿਆਨ ’ਚ ਖੁਲਾਸਾ ਕਰਦਿਆਂ ਜ਼ਿਲ੍ਹਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਪਵਨ ਦੀਵਾਨ ਤੇ ਮਲਕੀਅਤ ਸਿੰਘ ਦਾਖਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ’ਚ ਇਕ ਸਿਸਟਮ ਹੈ, ਜਿਸਦੇ ਤਹਿਤ ਉਮੀਦਵਾਰ ਸਿਰਫ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਦਾ ਨਾਂ ਕਲੀਅਰ ਕੀਤੇ ਜਾਣ ਤੋਂ ਬਾਅਦ ਹੀ ਪ੍ਰਚਾਰ ਸ਼ੁਰੂ ਕਰਦੇ ਹਨ। ਉਮੀਦਵਾਰ ਕਿੰਨਾ ਵੀ ਸੀਨੀਅਰ ਕਿਉਂ ਨਾ ਹੋਵੇ, ਉਹ ਪਾਰਟੀ ਅਨੁਸ਼ਾਸਨ ਤੋਂ ਉਪਰ ਨਹੀਂ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਆਪਣਾ ਨਾਂ ਐਲਾਨੇ ਬਗੈਰ ਚੋਣ ਪ੍ਰਚਾਰ ਸ਼ੁਰੂ ਕਰ ਦੇਵੇ। ਹਾਲਾਂਕਿ ਦੀਵਾਨ ਤੇ ਦਾਖਾ ਨੇ ਸਪੱਸ਼ਟ ਕੀਤਾ ਹੈ ਕਿ ਇਸ ’ਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਹੈ ਕਿ ਤਿਵਾੜੀ ਸਿਰਫ ਲੁਧਿਆਣਾ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਗੇ, ਜਿਸ ਹਲਕੇ ਦੀ ਉਹ ਬੀਤੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ। ਪਰੰਤੁ ਪਾਰਟੀ ਵੱਲੋਂ ਆਪਣਾ ਨਾਂ ਫਾਇਨਲ ਕਰਨ ਤੋਂ ਪਹਿਲਾਂ ਉਹ ਪ੍ਰਚਾਰ ਸ਼ੁਰੂ ਨਹੀਂ ਕਰ ਸਕਦੇ। ਇਕ ਅਨੁਸ਼ਾਸਿਤ ਪਾਰਟੀ ਵਰਕਰ ਤੇ ਤਜ਼ੁਰਬੇਕਾਰ ਆਗੂ ਵਜੋਂ ਉਹ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਪਾਸੋਂ ਆਪਣੀ ਉਮੀਦਵਾਰੀ ਸਬੰਧੀ ਐਲਾਨ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ।
ਕਾਂਗਰਸ ਆਗੂਆਂ ਨੇ ਉਨ੍ਹਾਂ ਲੋਕਾਂ ’ਤੇ ਚੁਟਕੀ ਲਈ ਹੈ, ਜਿਹੜੇ ਉਨ੍ਹਾਂ ਦੇ ਇਥੋਂ ਚੋਣ ਨਾ ਲੜਨ ਬਾਰੇ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਸੁਫਨੇ ਤਾਂ ਦੇਖ ਸਕਦੇ ਹਨ, ਪਰ ਇਨ੍ਹਾਂ ਦੀਆਂ ਆਸਾਂ 12 ਮਾਰਚ ਤੋਂ ਬਾਅਦ ਬੂਰੀ ਤਰ੍ਹਾਂ ਟੁੱਟ ਜਾਣਗੀਆਂ ਜਦੋਂ ਤਿਵਾੜੀ ਧੜੱਲੇ ਨਾਲ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ।
ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਤਿਵਾੜੀ ਨਾ ਸਿਰਫ ਆਪਣੇ 2009 ਵਾਲੇ ਪ੍ਰਦਰਸ਼ਨ ਨੂੰ ਇਕ ਵਾਰ ਫਿਰ ਤੋਂ ਦੁਹਰਾਉਣਗੇ, ਸਗੋਂ ਆਪਣੀ ਜਿੱਤ ਦੇ ਅੰਤਰ ਨੂੰ ਹੋਰ ਸੁਧਾਰਨਗੇ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਯੂ.ਪੀ.ਏ ਸਰਕਾਰ ਦੇ ਪਿਛਲੇ 10 ਸਾਲਾਂ ਤੇ ਬਕੌਲ ਮੈਂਬਰ ਲੋਕ ਸਭਾ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਇਸ ਲੋਕ ਸਭਾ ਹਲਕੇ ਲਈ ਕਿੰਨਾ ਕੰਮ ਕੀਤਾ ਹੈ। ਇਸਦੇ ਉਲਟ, ਅਕਾਲੀ ਭਾਜਪਾ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਚਰਮ ਸੀਮਾ ’ਤੇ ਹੈ, ਜਿਸਦਾ ਅਸਰ ਲੋਕ ਸਭਾ ਚੋਣਾਂ ਦੌਰਾਨ ਨਜ਼ਰ ਆਏਗਾ, ਮਨੀਸ਼ ਤਿਵਾੜੀ ਨੂੰ ਰਿਕਾਰਡ ਅੰਤਰ ਨਾਲ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ।
ਟਿਕਟ ਦਾ ਐਲਾਨ ਹੋਣ ਤੋਂ ਬਾਅਦ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਤਿਵਾੜੀ
This entry was posted in ਪੰਜਾਬ.