ਲੁਧਿਆਣਾ,(ਪ੍ਰੀਤੀ ਸ਼ਰਮਾ) – ਆਗਾਮੀ ਲੋਕ ਸਭਾ ਚੋਣਾਂ-2014 ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਸਥਾਨਕ ਬਚਤ ਭਵਨ ਵਿਖੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀ ਸਾਂਝੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕੀਤੀ। ਮੀਟਿੰਗ ਦੀ ਕਾਰਵਾਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਚਲਾਉਂਦਿਆਂ ਵੱਖ-ਵੱਖ ਚੋਣ ਅਧਿਕਾਰੀਆਂ ਨੂੰ ਪੂਰੀ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਅਤੇ ਇਸ ਲਈ ਲੋੜੀਂਦੇ ਕਾਰਜਾਂ ਦਾ ਵੇਰਵਾ ਦਿੱਤਾ। ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਸਾਰੀ ਚੋਣ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਸਿਵਲ ਅਤੇ ਪੁਲਿਸ ਪ੍ਰਸਾਸ਼ਨ ’ਚ ਵਧੀਆ ਆਪਸੀ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਉਪ-ਪੁਲਿਸ ਕਪਤਾਨਾਂ ਨੂੰ ਹਦਾਇਤ ਕੀਤੀ ਕਿ ਉਹ ਚੋਣਾਂ ਸਬੰਧੀ ਜਾਣਕਾਰੀ ਇਕ ਦੂਜੇ ਨਾਲ ਯਕੀਨੀ ਤੌਰ ’ਤੇ ਰੋਜ਼ਾਨਾ ਸਾਂਝੀ ਕਰਿਆ ਕਰਨ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਜਾਂ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਉਸੇ ਨੂੰ ਮੰਨਿਆ ਜਾਵੇ ਜਿਥੇ ਕਿਸੇ ਤਬਕੇ, ਫਿਰਕੇ ਜਾਂ ਗਰੀਬ ਲੋਕਾਂ ਨੂੰ ਡਰਾਅ ਧਮਕਾ ਕੇ ਵੋਟ ਪਾਉਣ ਤੋਂ ਰੋਕੇ ਜਾਣ ਦਾ ਖਦਸ਼ਾ ਹੋਵੇ। ਜਿਸ ਖੇਤਰ ਵਿੱਚ ਸ਼ਰਾਬ, ਨਸ਼ਾ ਜਾਂ ਹੋਰ ਲਾਲਚ ਦੇ ਕੇ ਵੋਟ ਖਰੀਦੇ ਜਾਣ ਦਾ ਸ਼ੰਕਾ ਹੋਵੇ, ਉਥੇ ਵਿਸ਼ੇਸ਼ ਨਜ਼ਰ ਰੱਖੀ ਜਾਵੇ। ਕਿਸੇ ਵੀ ਖੇਤਰ ਨੂੰ ਸੰਵੇਦਨਸ਼ੀਲ ਜਾਂ ਅਤਿ ਸੰਵੇਦਨਸ਼ੀਲ ਐਲਾਨਣ ਤੋਂ ਪਹਿਲਾਂ ਸੰਬੰਧਤ ਸੈਕਟਰ ਅਫ਼ਸਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਅਧਿਕਾਰੀ ਆਪਣੇ-ਆਪਣੇ ਅਧੀਨ ਆਉਂਦੇ ਖੇਤਰਾਂ ਵਿੱਚ ਖੁਦ ਚੱਕਰ ਲਗਾ ਕੇ ਸਥਿਤੀ ਦਾ ਜਾਇਜ਼ਾ ਲੈਣ। ਪੁਲਿਸ ਅਤੇ ਸਿਵਲ ਪ੍ਰਸਾਸ਼ਨ ਵਿੱਚ ਆਪਸੀ ਤਾਲਮੇਲ ਵਧਾਉਣ ਅਤੇ ਯਕੀਨੀ ਬਣਾਉਣ ਲਈ ਵਾਕੀ-ਟਾਕੀ ਵਰਤਣ ਬਾਰੇ ਵੀ ਵਿਚਾਰ ਕੀਤਾ ਗਿਆ। ਸ੍ਰੀ ਅਗਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਟੇਟਿਕਸ ਸਰਵੇਲੈਂਸ ਟੀਮਾਂ ਨੋਟੀਫਿਕੇਸ਼ਨ (2 ਅਪ੍ਰੈ¤ਲ) ਤੋਂ ਬਾਅਦ ਕੰਮ ਕਰਨਾ ਆਰੰਭ ਕਰਨਗੀਆਂ ਜਦਕਿ ਫਲਾਇੰਗ ਸਕੂਐਡ, ਵੀਡੀਓ ਵੀਉਇੰਗ ਟੀਮ ਅਤੇ ਵੀਡੀਓ ਸਰਵੇਲੈਂਸ ਟੀਮਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਚੋਣਾਂ ਵਿੱਚ ਪੈਸੇ ਅਤੇ ਨਸ਼ੇ ਦੀ ਵਰਤੋਂ ਰੋਕਣ ਲਈ ਲਗਾਤਾਰ ਨਿਗਰਾਨੀ ਰੱਖਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ 10 ਲੱਖ ਤੋਂ ਵਧੇਰੇ ਨਕਦੀ ਲੈ ਕੇ ਚੱਲਣ ਵਾਲੇ ਵਿਅਕਤੀ ਬਾਰੇ ਇਨਕਮ ਟੈਕਸ ਵਿਭਾਗ ਨੂੰ ਰਿਪੋਰਟ ਕੀਤੀ ਜਾਵੇ। ਇਸ ਤੋਂ ਇਲਾਵਾ ਕੋਈ ਵੀ ਰਾਜਸੀ ਸਰਗਰਮੀਆਂ ਵਿੱਚ ਭਾਗ ਲੈਣ ਵਾਲਾ ਵਿਅਕਤੀ ਜਿਆਦਾ ਨਕਦੀ ਨਾਲ ਏਧਰੋਂ ਉਧਰ ਜਾ ਰਿਹਾ ਹੈ ਤਾਂ ਇਸ ਬਾਰੇ ਸਾਰੇ ਵੇਰਵੇ ਲੈਣ ਦੇ ਨਾਲ-ਨਾਲ ਨਕਦੀ ਜ਼ਬਤ ਕਰਨੀ ਜ਼ਰੂਰੀ ਹੈ। ਕਿਸੇ ਵੀ ਰਾਹਗੀਰ ਦੀ ਤਲਾਸ਼ੀ ਲੈਣ ਵੇਲੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਹਾਜ਼ਰੀ ਹੋਣੀ ਬਹੁਤ ਜ਼ਰੂਰੀ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਵੱਲੋਂ ਕਿਸਮਤ ਅਜ਼ਮਾਉਣ ਵਾਲੇ ਹਰ ਉਮੀਦਵਾਰ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਚੋਣ ਖਰਚਿਆਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਚੋਣ ਖਰਚੇ ’ਤੇ ਪੂਰੀ ਨਜ਼ਰ ਰੱਖੀ ਜਾਵੇ। ਹਰ ਉਮੀਦਵਾਰ ਨੂੰ ਚੋਣਾਂ ਦੌਰਾਨ ਖਰਚ ਕਰਨ ਲਈ ਆਪਣਾ ਇਕ ਵੱਖਰਾ ਬੈਂਕ ਖਾਤਾ ਖੁਲਵਾਉਣਾ ਪਵੇਗਾ। ਮੀਟਿੰਗ ਦੌਰਾਨ ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਪਾਰਟੀ ਜਾਂ ਉਮੀਦਵਾਰਾਂ ਵੱਲੋਂ ਜੋ ਹੁਣ ਖਰਚਾ ਕੀਤਾ ਜਾ ਰਿਹਾ ਹੈ, ਉਹ ਸੰਬੰਧਤ ਪਾਰਟੀ ਦੇ ਖਰਚੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਜਦਕਿ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਵਾਲਾ ਖਰਚਾ ਸਿੱਧਾ ਉਮੀਦਵਾਰ ਦੇ ਖਰਚੇ ਵਿੱਚ ਦਰਜ ਹੋਣ ਲੱਗ ਜਾਵੇਗਾ। ਸ੍ਰੀ ਅਗਰਵਾਲ ਸਾਰੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਚੋਣਾਂ ਸਬੰਧੀ ਸਾਰੇ ਪ੍ਰਬੰਧ ਸਮਾਂ ਰਹਿੰਦੇ ਪੂਰੇ ਕਰ ਲਏ ਜਾਣ ਤਾਂ ਜੋ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾੜੀ ਜਾ ਸਕੇ। ਚੋਣਾਂ ਸਬੰਧੀ ਮਿਲਣ ਵਾਲੀ ਹਰ ਸ਼ਿਕਾਇਤ, ਚਾਹੇ ਉਹ ਕਿਸੇ ਵੀ ਕਿਸਮ ’ਚ ਹੋਵੇ, ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਮੀਟਿੰਗ ’ਚ ਮੌਜੂਦ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰ. ਪਰਮਜੀਤ ਸਿੰਘ ਗਿੱਲ, ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਅਸ਼ੀਸ਼ ਚੌਧਰੀ ਤੇ ਖੰਨਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਚੋਣਾਂ ਨੂੰ ਡਰ, ਭੈਅ ਅਤੇ ਜਿਸਮਾਨੀ ਧੱਕੇਸ਼ਾਹੀ ਤੋਂ ਮੁਕਤ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਹਰਸ਼ ਬਾਂਸਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।