ਲੁਧਿਆਣਾ,(ਪ੍ਰੀਤੀ ਸ਼ਰਮਾ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਨਵੀਆਂ ਵੋਟਾਂ ਬਣਵਾਉਣ ਲਈ ਬੂਥਾਂ ’ਤੇ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ 30217 ਨਵੇਂ ਵੋਟਰਾਂ ਨੇ ਫਾਰਮ ਨੰਬਰ-6 ਭਰਕੇ ਬੂਥ ਲੈਵਲ ਅਫ਼ਸਰਾਂ ਕੋਲ ਜਮ੍ਹਾ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਰਾਂ ਵਿਚ 15946 ਪੁਰਸ਼ ਅਤੇ 14271 ਔਰਤਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 2623 ਪੋਲਿੰਗ ਬੂਥਾਂ ’ਤੇ ਨਿਯੁਕਤ ਕੀਤੇ ਬੂਥ ਲੈਵਲ ਅਫ਼ਸਰਾਂ ਨੇ ਪਿਛਲੇ ਦਿਨੀਂ 18 ਤੋਂ 19 ਸਾਲ ਵਿਚਕਾਰ ਦੇ 6111 ਵੋਟਰਾਂ ਤੋਂ ਇਲਾਵਾ 19 ਸਾਲ ਤੋਂ ਵੱਧ ਦੇ 24106 ਵੋਟਰਾਂ ਦੇ ਫਾਰਮ ਪ੍ਰਾਪਤ ਕੀਤੇ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਵਿਚ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਇਸ ਲਈ ਹਰੇਕ ਨੌਜਵਾਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਅਧਿਕਾਰ ਤਾਂ ਹੀ ਹਾਸਲ ਕੀਤਾ ਜਾ ਸਕਦਾ ਹੈ, ਜੇਕਰ ਵੋਟ ਵੋਟਰ ਸੂਚੀ ਵਿਚ ਦਰਜ ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਰ ਨੂੰ ਕੇਵਲ ਵੋਟਰ ਸ਼ਨਾਖਤੀ ਕਾਰਡ ਨਾਲ ਵੋਟ ਪਾਉਣ ਨਹੀਂ ਦਿੱਤੀ ਜਾਵੇਗੀ, ਬਲਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਸਦੇ ਸ਼ਨਾਖ਼ਤੀ ਕਾਰਡ ਦੇ ਨਾਲ-ਨਾਲ ਉਸਦਾ ਨਾਂਅ ਵੀ ਵੋਟਰ ਸੂਚੀ ਵਿਚ ਦਰਜ ਹੋਣਾ ਚਾਹੀਦਾ ਹੈ।