ਪੈਰਿਸ- ਭਾਰਤ ਦੁਨੀਆਂਭਰ ਦੇ ਹੱਥਿਆਰ ਖ੍ਰੀਦਣ ਵਾਲੇ ਦੇਸ਼ਾਂ ਦੀ ਦੌੜ ਵਿੱਚ ਸੱਭ ਤੋਂ ਪਹਿਲੇ ਸਥਾਨ ਤੇ ਆਇਆ ਹੈ। ਇਸ ਮਾਮਲੇ ਵਿੱਚ ਚੀਨ ਅਤੇ ਪਾਕਿਸਤਾਨ ਵੀ ਬਹੁਤ ਪਿੱਛੇ ਰਹਿ ਗਏ ਹਨ। ਭਰਤ ਆਪਣੇ ਗਵਾਂਢੀ ਇਨ੍ਹਾਂ ਦੋਵਾਂ ਦੇਸ਼ਾਂ ਦੀ ਤੁਲਨਾ ਵਿੱਚ ਤਿੰਨ ਗੁਣਾ ਵੱਧ ਹੱਥਿਆਰ ਖ੍ਰੀਦ ਰਿਹਾ ਹੈ।
ਸਟਾਕਹੋਮ ਇੰਟਰਨੈਸ਼ਨਲ ਪੀਸ ਰੀਸਰਚ ਇੰਸਟੀਚਿਊਟ ਦੀ ਰਿਪੋਰਟ ਅਨੁਸਾਰ, 2009 ਤੋਂ 2013 ਵਿੱਚ ਪਿੱਛਲੇ 5 ਸਾਲਾਂ ਦੀ ਤੁਲਨਾ ਵਿੱਚ ਹੱਥਿਆਰਾਂ ਦੀ ਵਿਕਰੀ ਵਿੱਚ 14% ਦਾ ਵਾਧਾ ਦਰਜ ਕੀਤਾ ਗਿਆ ਹੈ। ਸੰਸਥਾ ਦਾ ਕਹਿਣਾ ਹੈ ਕਿ 2004 ਤੋਂ 2008 ਦੀ ਤੁਲਨਾ ਵਿੱਚ ਪਿੱਛਲੇ 5 ਸਾਲਾਂ ਵਿੱਚ ਭਾਰਤ ਵਿੱਚ ਹੱਥਿਆਰਾਂ ਦੇ ਇਮਪੋਰਟ ਵਿੱਚ 111 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਨੇ ਹੱਥਿਆਰ ਖ੍ਰੀਦ ਦੇ ਮੁਕਾਬਲੇ ਵਿੱਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਗਵਾਢੀ ਦੇਸ਼ਾਂ ਨਾਲੋਂ ਚੰਗੇ ਹੱਥਿਆਰ ਅਤੇ ਸੁਰੱਖਿਆ ਸਬੰਧੀ ਕਾਰਣਾਂ ਕਰਕੇ ਭਾਰਤ ਨੂੰ ਮਜਬੂਰੀ ਵੱਸ ਇਹ ਹੱਥਿਆਰ ਖ੍ਰੀਦਣੇ ਪਏ ਹਨ।
ਭਾਰਤ ਨੇ 2009-2013 ਦੇ ਦਰਮਿਆਨ ਰੂਸ ਤੋਂ 75% ਹੱਥਿਆਰ ਖ੍ਰੀਦੇ। ਅਮਰੀਕਾ ਵੀ ਭਾਰਤ ਨੂੰ ਹੱਥਿਆਰ ਵੇਚਣ ਵਿੱਚ ਪਿੱਛੇ ਨਹੀਂ ਰਿਹਾ। ਜੇ ਆਈਐਚਐਸ ਜੇਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਨੂੰ ਸਹੀ ਮੰਨਿਆ ਜਾਵੇ ਤਾਂ ਬੀਤੇ ਸਾਲ ਭਾਰਤ ਅਮਰੀਕਾ ਦਾ ਸੱਭ ਤੋਂ ਵੱਡਾ ਹੱਤਿਆਰ ਖ੍ਰੀਦਦਾਰ ਬਣ ਗਿਆ ਹੈ। ਅਮਰੀਕੀ ਹੱਥਿਆਰਾਂ ਦੀ ਖ੍ਰੀਦ ਵਿੱਚ ਉਸ ਨੇ 1.9 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ। ਭਾਰਤ,ਚੀਨ, ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਸੱਭ ਤੋਂ ਵੱਧ ਹੱਥਿਆਰ ਆਯਾਤ ਕਰਨ ਵਾਲੇ ਦੇਸ਼ ਹਨ। ਹੁਣ ਅਫਰੀਕੀ ਦੇਸ਼ ਵੀ ਬੜੀ ਤੇਜ਼ੀ ਨਾਲ ਹੱਥਿਆਰ ਖਰੀਦ ਰਹੇ ਹਨ।