ਲੁਧਿਆਣਾ,(ਪ੍ਰੀਤੀ ਸ਼ਰਮਾ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮੁਨੀਸ਼ ਤਿਵਾੜੀ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲੁਧਿਆਣਾ ਲੋਕ ਸਭਾ ਹਲਕੇ ਤੋਂ ਡੰਕੇ ਦੀ ਚੋਟ ਤੇ ਚੋਣ ਲੜਣਗੇ । ਦਿੱਲੀ ਤੋਂ ਵਿਸ਼ੇਸ਼ ਗੱਲਬਾਤ ਦੌਰਾਨ ਤਿਵਾੜੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਆਉਂਦੇ ਇਕ ਦੋ ਦਿਨਾਂ ਦੌਰਾਨ ਹੀ ਲੁਧਿਆਣਾ ਲੋਕ ਸਭਾ ਹਲਕੇ ਅੰਦਰ ਚੋਣ ਪ੍ਰਚਾਰ ਮੁੰਹਿਮ ਸ਼ੁਰੂ ਕਰ ਦੇਣਗੇ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਲੁਧਿਆਣਾ ਵਾਸੀਆਂ ਦੇ ਭਰਪੂਰ ਪਿਆਰ ਤੇ ਸਹਿਯੋਗ ਸਦਕਾ ਇਤਿਹਾਸਿਕ ਤੇ ਰਿਕਾਰਡਤੋੜ ਜਿੱਤ ਹਾਸਲ ਕਰਨਗੇ । ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਜਿਉਂ ਹੀ ਸ੍ਰੀ ਮੁਨੀਸ਼ ਤਿਵਾੜੀ ਵੱਲੋਂ ਚੋਣ ਲੜਨ ਦੀ ਖਬਰ ਲੁਧਿਆਣਾ ਪੁੱਜੀ ਤਾਂ ਕਾਂਗਰਸੀ ਹਲਕਿਆਂ ਅਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ । ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ, ਫਿਲਮ ਸੈਂਸਰ ਬੋਰਡ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ, ਸੰਨੀ ਕੈਂਥ, ਰੋਹਿਤ ਪਾਹਵਾ, ਰਾਜੀਵ ਰਾਜਾ, ਡਾ: ਜਸਵਿੰਦਰ ਸਿੰਘ, ਕੰਵਰਦੀਪ ਸਿੰਘ ਪੱਪੀ ਬਲਾਕ ਪ੍ਰਧਾਨ, ਜੋਗਿੰਦਰ ਸਿੰਘ ਜੰਗੀ, ਅਕਸ਼ੈ ਭਨੋਟ, ਬਲਜਿੰਦਰ ਸਿੰਘ ਬੰਟੀ ਬਲਾਕ ਪ੍ਰਧਾਨ, ਸੰਜੇ ਸ਼ਰਮਾ ਬਲਾਕ ਪ੍ਰਧਾਨ, ਰਾਕੇਸ਼ ਸ਼ਰਮਾ ਬਲਾਕ ਪ੍ਰਧਾਨ ਆਦਿ ਨੇ ਕਿਹਾ ਕਿ ਸ੍ਰੀ ਤਿਵਾੜੀ ਦੇ ਚੋਣ ਲੜਨ ਦੇ ਫੈਸਲੇ ਨਾਲ ਕਾਂਗਰਸੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸ੍ਰੀ ਤਿਵਾੜੀ ਦੀ ਸ਼ਾਨਦਾਰ ਜਿੱਤ ਲਈ ਸਮੁੱਚੇ ਵਰਕਰ ਇਕਜੁੱਟ ਹਨ ਅਤੇ ਅੱਜ ਤੋਂ ਹੀ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਪਹੁੰਚਾਉਣ ਲਈ ਪੱਬਾਂ ਭਾਰ ਹਨ । ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਸ੍ਰੀ ਮੁਨੀਸ਼ ਤਿਵਾੜੀ ਦੇ ਚੋਣ ਮੈਦਾਨ ਵਿੱਚ ਨਿਤਰਨ ਨਾਲ ਅਕਾਲੀਆਂ ਸਮੇਤ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਭਾਜੜਾਂ ਪੈ ਗਈਆਂ ਹਨ । ਇਸ ਵਾਰ ਸ੍ਰੀ ਤਿਵਾੜੀ ਪਿਛਲੀ ਵਾਰ ਨਾਲੋਂ ਵੱਧ ਵੋਟਾਂ ਲੈ ਕੇ ਪੰਜਾਬ ਅੰਦਰ ਨਵਾਂ ਇਤਿਹਾਸ ਸਿਰਜਣਗੇ ।