ਸੰਗਤ ਮੰਡੀ,(ਗੁਰਵਿੰਦਰ ਸਿੰਘ) – ਬੀਤੀ ਸਾਮ ਬਠਿੰਡਾ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਆਪਣੀ ਚੋਣ ਪ੍ਰਚਾਰ ਦੀ ਮੁਹਿੰਮ ਦੇ ਦੌਰਾਨ ਜਿਲ੍ਹੇ ਦੇ ਪਿੰਡ ਸੰਗਤ ਕਲ੍ਹਾਂ ਵਿਖੇ ਪਹੁੰਚੇ। ਉਨ੍ਹਾਂ ਦੇ ਨਾਲ ਹਲਕਾ ਬਠਿੰਡਾ ਦਿਹਾਤੀ ਵਿਧਾਇਕ ਦਰਸਨ ਸਿੰਘ ਕੋਟਫੱਤਾ ਅਤੇ ਸਾਬਕਾ ਕੇਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਹਾਜਿਰ ਸਨ। ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕੇਦਰ ਦੀ ਸਰਕਾਰ ਦੇ ਵਰ੍ਹਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਬਣਦਾ ਹੱਕ ਨਾਂ ਦੇ ਕੇ ਹਮੇਸ਼ਾਂ ਵਿਤਕਰਾ ਕੀਤਾ। ਫਿਰ ਵੀ ਬਾਦਲ ਸਰਕਾਰ ਨੇ ਪੰਜਾਬ ਦਾ ਵਿਕਾਸ ਕਾਂਗਰਸੀ ਸਰਕਾਰਾਂ ਵਾਲੇ ਰਾਜਾਂ ਦੇ ਮੁਕਾਬਲੇ ਵਧੇਰੇ ਕੀਤਾ। ਬਾਦਲ ਸਰਕਾਰ ਨੇ ਗਰੀਬ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਸੂਬੇ ਦੇ 15 ਲੱਖ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਅਤੇ 15 ਲੱਖ ਹੋਰ ਪਰਿਵਾਰਾਂ ਨੂੰ ਇਸ ਸਕੀਮ ‘ਚ ਸ਼ਾਮਲ ਕੀਤਾ। ਲੋਕਾਂ ਦੇ ਮੁਫਤ ਇਲਾਜ ਲਈ 30 ਹਜ਼ਾਰ ਰੁਪਏ ਦਾ ਬੀਮਾ ਕਰਵਾ ਕੇ ਸਹੂਲਤ ਪ੍ਰਦਾਨ ਕੀਤੀ ਜਦਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਮਹਿੰਗਾਈ ਵਧਾ ਕੇ ਗਰੀਬਾਂ ਦਾ ਕਚੂੰਮਰ ਕੱਢ ਦਿੱਤਾ। ਬਾਦਲ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ 18 ਹਜ਼ਾਰ ਕਰੋੜ ਰੁਪਏ ਦੇ ਬਿਜਲੀ ਬਿੱਲ ਮੁਆਫ ਕੀਤੇ ਅਤੇ 1 ਲੱਖ ਤੋਂ ਵੱਧ ਕਿਸਾਨਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨ ਦਿੱਤੇ ਗਏ। ਪੰਜਾਬ ‘ਚ ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਬਿਜਲੀ ਪੈਦਾਵਾਰ 6 ਹਜ਼ਾਰ ਮੈਗਾਵਾਟ ਤੋਂ ਵਧਾ ਕੇ 12 ਹਜ਼ਾਰ ਮੈਗਾਵਾਟ ਕੀਤੀ ਗਈ। ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਪਿੰਡ ਸੰਗਤ ਵਿਖੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀਆਂ। ਬੀਬੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 30 ਅਪ੍ਰੈਲ ਨੂੰ ਅਕਾਲੀ-ਭਾਜਪਾ ਦੇ ਹੱਕ ‘ਚ ਫਤਵਾ ਦੇ ਕੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ। ਪਰ ਇਸ ਮੌਕੇ ਤੇ ਉਨ੍ਹਾਂ ਨੇ ਅੱਜ ਦੇ ਪੰਜਾਬ ਦੇ ਭਖਦੇ ਮਸਲਿਆ ਤੇ ਇਕ ਵੀ ਗੱਲ ਨਹੀਂ ਜੋ ਕਿ ਬੇਰੋਜਗਾਰੀ, ਕਿਸਾਨੀ ਦਾ ਡਿੱਗਦਾ ਪੱਧਰ, ਨੰਨ੍ਹੀਆਂ ਛਾਵਾਂ ਦੇ ਨਾਲ ਹੁੰਦਾ ਸੋਸ਼ਣ, ਨਸ਼ਿਆਂ ਵਿਚ ਡਿੱਗਦਾ ਜਾ ਰਿਹਾ ਪੰਜਾਬ ਦਾ ਨੌਜਵਾਨ ਅਤੇ ਹੋਰ ਵੀ ਕਈ ਮੁੱਦੇ ਜੋ ਕਿ ਬਹੁਤ ਹੀ ਚਿੰਤਾਜਨਕ ਹਨ ਦੇ ਬਾਰੇ ਵਿਚ ਇਕ ਸਬਦ ਵੀ ਨਹੀ ਕਹਿ ਸਕੇ। ਅਤੇ ਬੀਬਾ ਜੀ ਸਮੇਂ ਦੀ ਘਾਟ ਦਾ ਵਾਸਤਾ ਦੇ ਕੇ ਜਲਦੀ ਨਾਲ ਚਲੇ ਗਏ ਅਤੇ ਕਈ ਸਵਾਲ ਜੋ ਲੋਕਾਂ ਦੇ ਮਨ ਵਿਚ ਚਿਰਾਂ ਤੋ ਸਨ ਉਹ ਮਨਾਂ ਦੇ ਵਿਚ ਹੀ ਰਹੇ।ਜਿਕਰਯੋਗ ਹੈ ਕਿ ਜਿਨ੍ਹਾਂ ਟਿਊਬਵੈਲਾਂ ਕੁਨੈਕਸ਼ਨਾਂ ਦੇ ਨਾਂ ਤੇ ਸੱਤਾ ਧਿਰ ਵੋਟਾਂ ਮੰਗ ਰਹੀ ਹੈ ਉਸਦੇ ਅਸਲੀਅਤ ਕੁਝ ਹੋਰ ਹੀ ਹੈ ਅਤੇ ਜਿਸ ਨੂੰ ਲੈ ਕੇ ਲੋਕਾਂ ਦੇ ਵਿਚ ਰੋਸ ਵੀ ਹੈ। ਦੂਜੇ ਪਾਸੇ ਬੇਰੋਜਗਾਰ ਨੌਜਵਾਨ ਅਤੇ ਨੰਨ੍ਹੀਆਂ ਛਾਵਾਂ ਵੀ ਨਿਰਾਸ ਹੀ ਨਜਰ ਆਈਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਉਨ੍ਹਾਂ ਦੇ ਰੋਜਗਾਰ ਜਾਂ ਭਵਿੱਖ ਦੇ ਲਈ ਸਰਕਾਰ ਕੋਈ ਵਾਅਦਾ ਨਹੀ. ਕੀਤਾ ਜਾ ਰਿਹਾ ਅਤੇਚੋਣ ਪ੍ਰਚਾਰ ਵਿਚ ਸਿਰਫ ਵਿਰੋਧੀ ਧਿਰ ਦੀ ਨਿੰਦਾ ਹੀ ਕੀਤੀ ਜਾ ਰਹੀ ਹੈਅਤੇ ਲੋਕ ਮੁ¤ਦੇ ਗਾਇਬ ਹਨ। ਸਿਰਫ ਵਿਰੋਧੀ ਧਿਰ ਦੀ ਨਿੰਦਾ ਕਰਕੇ ਲੋਕਾਂ ਨੂੰ ਭਰਮਾਉਣ ਦੇ ਵਿਚ ਸੱਤਾ ਧਿਰ ਕਿੰਨਾ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਦੇਸ ਦੇ ਆਗੂਆਂ ਦੇ ਲੋਕ ਭਲਾਈ ਮੁੱਦਿਆਂ ਤੋ ਬੇਮੁੱਖ ਹੋਣਾ ਚਿੰਤਾ ਦਾ ਵਿਸਾ ਹੈ।