ਨਵੀਂ ਦਿੱਲੀ : ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਣ ਲਈ ਅਤੇ ਸਿੱਖੀ ਸਰੂਪ ਦੇ ਨਾਲ ਅੱਜ ਦੇ ਸਮਾਜ ਵਿਚ ਆਧੁਨਿਕ ਬਾਣੇ ਵਿਚ ਵੀ ਗੁਰਮਤਿ ਧਾਰਨ ਕਰਦੇ ਹੋਏ ਜੀਵਨ ਜਾਚ ਨੂੰ ਪੁਖੱਤਾ ਕਰਨ ਦੀ ਕੜੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਵਾਰ ਸਿੰਘ ਅਤੇ ਕੌਰ 2014 ਪ੍ਰਤਿਯੋਗਿਤਾ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਜਿਸ ਵਿਚ ਨੌਜਵਾਨਾਂ ਵਲੋਂ ਮਿਲ ਰਹੇ ਹੁੰਗਾਰੇ ਨੂੰ ਵੇਖਦੇ ਹੋਏ ਇਸ ਪਲੇਟਫਾਰਮ ਨਾਲ ਵੱਧ ਤੋਂ ਵੱਧ ਬੱਚੇ ਬੱਚੀਆਂ ਨੂੰ ਜੋੜਨ ਵਾਸਤੇ ਅਗਲੇ ਸਾਲ ਤੋਂ ਹੋਰ ਵੱਡੇ ਉਪਰਾਲੇ ਕਰਦੇ ਹੋਏ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਜੋੜਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਕਰਦੇ ਹੋਏ ਪ੍ਰਤਿਯੋਗਿਤਾ ਦਾ ਫਾਈਨਲ 23 ਮਾਰਚ 2014 ਨੂੰ ਦਿੱਲੀ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਨੋਰਥ ਕੈਂਪਸ) ਵਿਚ ਕਰਾਉਣ ਦੀ ਵੀ ਜਾਣਕਾਰੀ ਦਿੱਤੀ।
ਰਾਣਾ ਨੇ ਦੱਸਿਆ ਕਿ ਸ਼ੁਰੂਆਤ ਵਿਚ 500 ਬੱਚੇ ਬੱਚੀਆਂ ਨੂੰ ਧਾਰਮਿਕ ਅਤੇ ਬੌਧਿਕ ਤਲ ਤੇ ਪਰਖਦੇ ਹੋਏ ਉਨ੍ਹਾਂ ਤੋਂ ਸਵਾਲ-ਜਵਾਬ, ਧਰਮ ਦੀ ਜਾਣਕਾਰੀ, ਪਹਿਰਾਵੇ ਦਾ ਤਰੀਕਾ ਤੇ ਪਹਿਰਾਵੇ ਦਾ ਫਬਣਾ ਆਦਿਕ ਹਲਾਤਾਂ ਨੂੰ ਬੜੀ ਹੀ ਪਾਰਖੀ ਨਜ਼ਰ ਨਾਲ ਵੇਖਦੇ ਹੋਏ ਹੁਣ ਫਾਈਨਲ ਵਾਸਤੇ 15 ਮੁੰਡੇ ਅਤੇ 15 ਕੁੜੀਆਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਬੱਚਿਆਂ ਵਿੱਚੋ ਜੇਤੂ ਐਲਾਨੇ ਜਾਣ ਵਾਲੇ ਪ੍ਰਤਿਭਾਗੀਆਂ ਨੂੰ ਦਿੱਲੀ ਕਮੇਟੀ ਵਲੋਂ ਇਨਾਮ ਦੇ ਕੇ ਵੀ ਨਿਵਾਜਿਆ ਜਾਵੇਗਾ। ਤਾਂਕਿ ਇਨ੍ਹਾਂ ਜੇਤੂ ਨੌਜਵਾਨਾਂ ਨੂੰ ਸਮਾਜਿਕ ਪੱਧਰ ਤੇ ਉੱਚਾ ਉਠਦਾ ਦੇਖ ਕੇ ਹੋਰ ਨੌਜਵਾਨ ਵੀ ਨਸ਼ਿਆ ਨੂੰ ਛੱਡ ਕੇ ਧਰਮ ਵੱਲ ਚਲ ਸਕਣ।