ਹਿਸਾਰ – 2 ਨਵੰਬਰ 1984 ਨੂੰ ਕਤਲ ਕੀਤੇ ਸਿੱਖਾਂ ਦੇ ਵਾਰਸ ਸਾਹਮਣੇ ਆ ਰਹੇ ਹਨ । ਕੇਸ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਗੁੜਗਾਉਂ ਨਾਲ਼ ਸਬੰਧਿਤ ਕੇਸਾ ਦੀ ਸੁਣਵਾਈ ਸੀ । ਸੁਣਵਾਈ ਦੋਰਾਨ ਪੀੜਤਾਂ ਵਲੋਂ ਬਿਆਨ ਦਰਜ ਕਰਵਾਏ ਗਏ । ਜਿਸ ਵਿੱਚ ਇੱਕ ਅਹਿਮ ਖੁਲਾਸਾ ਹਰਦਿਆਲ ਕੌਰ ਵਲੋਂ ਕੀਤਾ ਗਿਆ । ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਤੀ ਸੇਵਾ ਸਿੰਘ, ਜਿਹੜੇ ਕਿ ਰੀਜ਼ਰਵ ਬੈਂਕ ਵਿੱਚ ਇੱਕ ਉੱਚ ਅਧਿਕਾਰੀ ਸਨ ਨੂੰ ਭੀੜ ਵਲੋਂ ਸੜਕ ਤੇ ਲੈ ਜਾਕੇ ਜਿਉਂਦੇ ਨੂੰ ਹੀ ਫੂਕ ਦਿਤਾ ਗਿਆ ਸੀ । ਉਸ ਦੇ ਪਤੀ ਦੀ ਲਾਸ਼ ਸਾਰੀ ਰਾਤ ਸੜਕੇ ਤੇ ਰੁਲ਼ਦੀ ਰਹੀ ਕਿਸੇ ਨੇ ਵੀ ਉਹਨਾਂ ਤੇ ਤਰਸ ਨਹੀਂ ਕੀਤਾ । ਇਹਨਾਂ ਤੋਂ ਇਲਾਵਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਗੁੜਗਾਉਂ ਦੇ ਬਹੁਤ ਵੱਡੇ ਕੱਪੜੇ ਦੇ ਵਪਾਰੀ ਸਨ । ਉਹਨਾਂ ਦੀਆਂ ਬਜ਼ਾਰ ਵਿੱਚ ਤਿੰਨ ਦੁਕਾਨਾ ਸਨ ਭੀੜ ਨੇ ਉਹਨਾਂ ਤਿੰਨਾ ਦੁਕਾਨਾ ਨੂੰ ਫੂਕ ਦਿਤਾ । ਉਸ ਨੁਕਸਾਨ ਤੋਂ ਬਾਅਦ ਅੱਜ ਤੱਕ ਉਹ ਉੱਠ ਨਹੀਂ ਸਕੇ । ਪੀੜਤ ਕੰਵਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਦੁਕਾਨਾ ਹੁੰਦੀਆਂ ਹਨ ਉਹਨਾਂ ਨੂੰ ਲੁੱਟ ਮਾਰ ਕਰ ਕੇ ਜਲ਼ਾ ਦਿਤਾ । ਇਹਨਾਂ ਤੋਂ ਇਲਾਵਾ ਭਜਨ ਕੌਰ, ਹਰਜੀਤ ਸਿੰਘ, ਰਵੇਲ ਸਿੰਘ, ਇੰਦਰਮੋਹਨ ਸਿੰਘ, ਹਰਵੀਰ ਕੌਰ ਅਤੇ ਪਰਿਤਪਾਲ ਸਿੰਘ ਨੇ ਆਪਣੇ ਦੁਖੜੇ ਜਸਟਿਸ ਟੀ.ਪੀ. ਗਰਗ ਦੇ ਸਾਹਮਣੇ ਰੱਖੇ । ਸਾਰਿਆਂ ਨੂੰ ਜਸਟਿਸ ਟੀ.ਪੀ. ਗਰਗ ਨੇ ਧਿਆਨ ਪੂਰਵਕ ਸੁਣਿਆ ਅਤੇ ਅਗਲੀ ਸੁਣਵਾਈ 28 ਅਪਰੈਲ ਤੇ ਪਾ ਦਿਤੀ ਗਈ । ਇਸ ਤੇ ਪ੍ਰਤੀਕਰਮ ਕਰਦਿਆਂ ਇੰਜੀ.ਗਿਆਸਪੁਰਾ ਨੇ ਕਿਹਾ ਕਿ ਕਾਗਰਸ ਪਾਰਟੀ ਵਲੋਂ ਕੀਤੇ ਜੁਲਮਾ ਨੇ ਹਿਟਲਰ ਨੂੰ ਵੀ ਮਾਤ ਪਾ ਦਿਤੀ ਹੈ । ਯਹੂਦੀਆਂ ਨੇ ਤਾਂ ਆਪਣੀ ਅਕਲ ਅਤੇ ਸੂਝ-ਬੂਝ ਸਹਾਰੇ ਹਿਟਲਰ ਨੂੰ ਪੂਰੀ ਦੁਨੀਆਂ ਵਿੱਚ ਕਾਤਲ ਸਿੱਧ ਕਰਕੇ , ਮਨੁੱਖਤਾ ਪ੍ਰਸਤ ਲੋਕਾਂ ਦਾ ਸਾਥ ਲੈ ਕੇ ਆਪਣਾ ਦੇਸ਼ ਤੱਕ ਬਣਾ ਲਿਆ ਹੈ , ਅਫਸੋਸ ਅਸੀਂ ਕਦੋਂ ਜਾਗਾਗੇ । ਅਸੀਂ ਤਾਂ ਪੂਰੇ ਭਾਰਤ ਵਿੱਚ ਕਤਲ ਕੀਤੇ ਸਿੱਖਾਂ ਦੀ ਸਹੀ ਗਿਣਤੀ ਹੀ ਪਤਾ ਨਹੀਂ ਕਰ ਸਕੇ ।