ਲੁਧਿਆਣਾ : ਲੁਧਿਆਣਾ ਦੀਆਂ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ, ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਅਤੇ ਲੋਕ ਵਿਰਾਸਤ ਅਕੈਡਮੀ ਵੱਲੋਂ ਸਾਂਝੇ ਤੌਰ ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਰਕਲ ਇੰਟਰਨੈਸ਼ਨਲ ਯੂ ਕੇ ਦੇ ਚੇਅਰਮੈਨ ਸ: ਨਿਰਪਾਲ ਸਿੰਘ ਰਿਆਤ ਨੇ ਕਿਹਾ ਹੈ ਕਿ ਅੱਜ ਦੁਨੀਆਂ ਭਰ ਵਿੱਚ ਵਸਦੇ 13 ਕਰੋੜ ਪੰਜਾਬੀਆਂ ਨੂੰ ਆਪਣੀ ਸਰਬਸਾਂਝੀ ਵਿਰਾਸਤ ਨੂੰ ਸੰਭਾਲਣ ਲਈ ਸਿਰ ਜੋੜਨਾ ਚਾਹੀਦਾ ਹੈ। ਇਸ ਵਿੱਚ ਧਰਮ ਜਾਤ, ਖਿੱਤਾ ਜਾਂ ਦੇਸ਼ ਨੂੰ ਰੁਕਾਵਟ ਨਹੀਂ ਬਣਾਉਣਾ ਚਾਹੀਦਾ ਸਗੋਂ ਰਿਗਵੇਦ ਤੋਂ ਲੈ ਕੇ ਅੱਜ ਤੀਕ ਦੀ ਸਾਰੀ ਸਾਹਿਤਕ ਵਿਰਾਸਤ ਭਾਈ ਮਰਦਾਨਾ ਤੋਂ ਲੈ ਕੇ ਅੱਜ ਦੇ ਸਮੁੱਚੇ ਸੰਗੀਤ ਦੀ ਵਿਰਾਸਤ ਅਤੇ ਹੋਰ ਕੋਮਲ ਕਲਾਵਾਂ ਨੂੰ ਪੰਜਾਬੀ ਵਿਰਾਸਤ ਵਜੋਂ ਵੇਖਣਾ, ਸੰਭਾਲਣਾ ਅਤੇ ਵਿਕਸਤ ਕਰਨਾ ਚਾਹੀਦਾ ਹੈ। ਸ਼੍ਰੀ ਰਿਆਤ ਲੁਧਿਆਣਾ ਵਿਖੇ ਉੱਘੇ ਲੋਕ ਗਾਇਕ ਸ਼੍ਰੀ ਸੁਰਿੰਦਰ ਛਿੰਦਾ ਨੂੰ ਆਪਣੀ ਸੰਸਥਾ ਦਾ ਬਰਾਂਡ ਅੰਬੈਸਡਰ ਬਣਾਉਣ ਉਪਰੰਤ ਨਿਯੁਕਤੀ ਪੱਤਰ ਦੇਣ ਲਈ ਲੁਧਿਆਣਾ ਪਹੁੰਚੇ ਹੋਏ ਸਨ। ਇਥੇ ਇਹ ਦੱਸਣ ਜਿਕਰਯੋਗ ਹੈ ਕਿ ਸ਼੍ਰੀ ਸੁਰਿੰਦਰ ਛਿੰਦਾ ਨੂੰ ਜਨਵਰੀ ਮਹੀਨੇ ਵਿੱਚ ਇੰਗਲੈਂਡ ਬੁਲਾ ਕੇ ਜੀਵਨ ਭਰ ਦੀ ਸੰਗੀਤ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਸੀ ਜਿਸ ਵਿੱਚ ਯੂ ਕੇ ਦੀ ਪਾਰਲੀਮੈਂਟ ਦੇ ਵੀ ਕਈ ਮੈਂਬਰ ਸ਼ਾਮਿਲ ਹੋਏ ਸਨ। ਸ਼੍ਰੀ ਰਿਆਤ ਨੇ ਆਖਿਆ ਕਿ ਸ਼੍ਰੀ ਸੁਰਿੰਦਰ ਛਿੰਦਾ ਨੂੰ ਇੰਗਲੈਂਡ ਹਾਊਸ ਆਫ ਕਾਮਨਜ ਪਾਰਲੀਮੈਂਟ ਵਿੱਚ ਬੁਲਾ ਕੇ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਦਾ ਸੰਗੀਤ ਵੀ ਸੁਣਾਇਆ ਜਾਵੇਗਾ ਤਾਂ ਜੋ ਸਾਡੀ ਪੰਜਾਬੀ ਵਿਰਾਸਤ ਬਾਰੇ ਯੂਰਪ ਦੇ ਲੋਕ ਵੀ ਜਾਣੂ ਹੋ ਸਕਣ।
ਸ਼੍ਰੀ ਰਿਆਤ ਦੇ ਸਨਮਾਨ ਵਿੱਚ ਬੋਲਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੀ ਸੁਰਿੰਦਰ ਛਿੰਦਾ ਨੇ ਪਿਛਲੇ 40 ਸਾਲਾਂ ਵਿੱਚ ਉਸਤਾਦ ਜਸਵੰਤ ਭੰਵਰਾ ਪਾਸੋਂ ਸੰਗੀਤ ਸਿੱਖਿਆ ਹਾਸਿਲ ਕਰਕੇ ਫਿਲਮਾਂ, ਗੀਤ ਪੇਸ਼ਕਾਰੀਆਂ ਅਤੇ ਮੰਚ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਯੁਵਕ ਭਲਾਈ ਡਾ: ਨਿਰਮਲਾ ਜੌੜਾ ਨੇ ਕਿਹਾ ਕਿ ਸੁਰਿੰਦਰ ਛਿੰਦਾ ਦੇ ਸੰਗੀਤ ਨੇ ਤਿੰਨ ਪੁਸ਼ਤਾਂ ਨੂੰ ਪ੍ਰਭਾਵਿਤ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਮੀਤ ਪ੍ਰਧਾਨ ਜਰਨੈਲ ਸਿੰਘ ਤੂਰ, ਮਾਲਵਾ ਸਭਿਆਚਾਰਕ ਮੰਚ ਦੇ ਜਨਰਲ ਸਕੱਤਰ ਰਵਿੰਦਰ ਰੰਗੂਵਾਲ ਅਤੇ ਗਲਾਡਾ ਦੇ ਐਡਸ਼ੀਨਲ ਮੁੱਖ ਪ੍ਰਸ਼ਾਸ਼ਕ ਸ: ਕੁਲ਼ਦੀਪ ਸਿੰਘ ਪੀ ਸੀ ਐਸ , ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਵੀ ਸੁਰਿੰਦਰ ਛਿੰਦਾ ਦੀ ਗਾਇਕੀ ਅਤੇ ਉਸ ਨੂੰ ਇੰਗਲੈਂਡ ਵਿੱਚ ਮਿਲੇ ਮਾਣ ਨੂ ਸਮੁੱਚੇ ਪੰਜਾਬੀਆਂ ਲਈ ਵਡਮੁੱਲੀ ਪ੍ਰਾਪਤੀ ਵਜੋਂ ਸਲਾਹਿਆ। ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਪੰਜਾਬੀ ਸਰਕਲ ਇੰਟਰਨੈਸ਼ਨਲ ਯੂ ਕੇ ਵੱਲੋਂ ਉਨ੍ਹਾਂ ਬਰਾਂਡ ਅੰਬੈਸਡਰ ਨਿਯੁਕਤ ਕਰਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਨਿਯੁਕਤੀ ਰਾਹੀਂ ਪੰਜਾਬ ਵਿੱਚ ਸੰਗੀਤ ਦੇ ਨਵੇਂ ਟੇਲੈਂਟ ਨੂੰ ਲੱਭਣ ਵਿੱਚ ਯੋਗਦਾਨ ਪਾਉਣਗੇ ਅਤੇ ਲੋੜਵੰਦ ਕਲਾਕਾਰਾਂ ਨੂੰ ਮੁਫਤ ਸਿਖਲਾਈ ਮੁਹੱਈਆ ਕਰਵਾਉਣਗੇ। ਇਸ ਮੌਕੇ ਉੱਘੀ ਲੋਕ ਗਾਇਕਾ ਮਿਸ ਦਿਲਪ੍ਰੀਤ, ਗੋਲਡੀ ਚੌਹਾਨ ਅਤੇ ਸਰਬਜੀਤ ਸਿੰਘ ਨੇ ਚੋਣਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਉੱਘੇ ਉਦਯੋਗਪਤੀ ਸ਼੍ਰੀ ਘਣਸ਼ਾਪ ਲੋਟੇ ਅਤੇ ਸ: ਸੁਰਜੀਤ ਸਿੰਘ ਲੋਟੇ ਨੇ ਸ਼੍ਰੀ ਚੇਅਰਮੈਨ ਸ: ਨਿਰਪਾਲ ਸਿੰਘ ਰਿਆਤ, ਮੋਹਾਲੀ ਦੇ ਸਾਬਕਾ ਮੇਅਰ ਸ: ਹਰਿੰਦਰਪਾਲ ਸਿੰਘ ਬਿੱਲਾ ਅਤੇ ਸ਼੍ਰੀ ਸੁਰਜੀਤ ਗੁਲਾਟੀ ਨੂੰ ਸਨਮਾਨਿਤ ਕੀਤਾ।