ਫਤਿਹਗੜ੍ਹ ਸਾਹਿਬ – “ ਬੀਤੇ ਦਿਨੀਂ ਸਵੇਰੇ ਸੱਤ ਵਜੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਆਲਮਪੁਰ ਵਿਖੇ ਪੁਲਿਸ ਵੱਲੋਂ ਸ. ਗੁਰਦੀਪ ਸਿੰਘ ਨਾਮ ਦੇ ਨੌਜਵਾਨ ਨੂੰ ਬੱਬਰ ਗਰਦਾਨ ਕੇ ਗੈਰ ਕਾਨੂੰਨੀਂ ਤਰੀਕੇ ਬਿਨਾਂ ਕਿਸੇ ਅਦਾਲਤੀ ਵਾਰੰਟਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕੋ ਸਮੇਂ ਖਰੜ ਲਾਗੇ ਪਿੰਡ ਗੀਗੇ ਮਾਜਰਾ, ਬਨੂੜ ਦੇ ਨੇੜੇ ਪਿੰਡ ਮਿਰਜਾਪੁਰ, ਅਮਰਜੀਤ ਘਨੌਰ ਅਤੇ ਜੋਧਾਂ ਨਾਮ ਦੇ ਦੋ ਨੌਜਵਾਨਾਂ ਅਤੇ ਦੋ ਹੋਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਅਮਲ ਪੰਜਾਬ ਪੁਲਿਸ ਵੱਲੋਂ ਸਿੱਖ ਕੌਮ ਵਿਚ ਦਹਿਸ਼ਤ ਪੈਦਾ ਕਰਨ ਅਤੇ ਫਿਰ ਇਸ ਦਹਿਸ਼ਤ ਰਾਹੀਂ ਪੰਜਾਬ ਦੇ ਵੋਟਰਾਂ ਨੂੰ ਪੰਜਾਬ ਦੇ ਹਕੂਮਤ ਪਾਰਟੀ ਨਾਲ ਸੰਬੰਧਤ ਉਮੀਦਵਾਰਾਂ ਦੇ ਹੱਕ ਵਿਚ ਭੁਗਤਾਉਣ ਲਈ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਜਿਹੀ ਪੁਲਿਸ ਅਤੇ ਸਰਕਾਰੀ ਦਹਿਸ਼ਤਗਰਦੀ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ , ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਦਲਾਂ ਦੇ ਇਸ਼ਾਰੇ ‘ਤੇ ਪੰਜਾਬ ਦੇ ਡੀ ਜੀ ਪੀ ਸੁਮੇਧ ਸੈਣੀ ਦੀ ਅਗਵਾਈ ਹੇਠ ਹੋ ਰਹੀਆਂ ਜਿਆਦਤੀਆਂ, ਜਬਰ-ਜੁਲਮ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਸ. ਧਰਮ ਸਿੰਘ ਕਲੌੜ, ਸ. ਸਿ਼ੰਗਾਰਾ ਸਿੰਘ ਬਡਲਾ, ਸਵਰਨ ਸਿੰਘ ਫਾਟਕਮਾਜਰੀ, ਕ੍ਰਿਪਾਲ ਸਿੰਘ ਖਟਰਾਉ, ਗੁਰਮੁਖ ਸਿੰਘ ਸੌਂਸਪੁਰ, ਦਾ ਡੈਪੂਟੇਸ਼ਨ ਆਲਮਪੁਰ ਵਿਖੇ ਪੀੜਿਤ ਪਰਿਵਾਰ ਦੇ ਘਰ ਜਾ ਕੇ ਮੁਲਾਕਾਤ ਕਰਕੇ ਆਇਆ ਹੈ। ਉਪਰੰਤ ਉਚੇਚੇ ਤੌਰ ਉੱਤੇ ਮੈਂ ਖੁਦ, ਗੁਰਜੰਟ ਸਿੰਘ ਕੱਟੂ ਅਤੇ ਮਨਜੀਤ ਸਿੰਘ ਉਸ ਪਰਿਵਾਰ ਨੂੰ ਮਿਲਣ ਗਏ । ਅਸੀਂ ਮਹਿਸੂਸ ਕੀਤਾ ਕਿ ਪਰਿਵਾਰ ਅਤੇ ਪਿੰਡ ਨਿਵਾਸੀਆਂ ਉਤੇ ਡੂੰਘੇ ਦਹਿਸ਼ਤ ਦਾ ਮਹੌਲ ਹੈ। ਚਿਟ ਕਪੜਿਆਂ ਵਿਚ ਪੁਲਿਸ ਅਤੇ ਸੀ ਆਈ ਡੀ ਫਿਰਦੀ ਨਜਰ ਆ ਰਹੀ ਹੈ। 80-85 ਸਾਲਾਂ ਦੇ ਬਜੁਰਗ ਜੋ ਕਾਕਾ ਗੁਰਦੀਪ ਸਿੰਘ ਦੇ ਦਾਦਾ ਜੀ ਹਨ, ਉਹ ਸਾਨੂੰ ਵੇਖ ਕੇ ਕੁਝ ਘਬਰਾਹਟ ਵਿਚ ਸਨ , ਜਿਨ੍ਹਾਂ ਨੂੰ ਸਾਨੂੰ ਮਜਬੂਰਨ ਇਹ ਕਹਿਣਾ ਪਿਆ ਕਿ ਅਸੀਂ ਸ.ਧਰਮ ਸਿੰਘ ਕਲੌੜ ਲਈ ਵੋਟਾਂ ਕਰਕੇ ਆਏ ਹਾਂ। ਜੇਕਰ ਉਨਾਂ ਨੂੰ ਆਪਣੇ ਪੋਤੇ ਦੀ ਗ੍ਰਿਫਤਾਰੀ ਬਾਰੇ ਭਿਣਕ ਪੈ ਜਾਂਦੀ ਤਾਂ ਉਨਾਂ ਤੋਂ ਇਹ ਬਰਦਾਸ਼ਤ ਨਹੀਂ ਸੀ ਹੋ ਸਕਣਾ । ਪੁਲਿਸ ਦੀਆਂ ਅਜਿਹੀਆਂ ਕਾਰਵਾਈਆਂ ਪੰਜਾਬ ਦੇ ਅਤੇ ਹੋ ਰਹੀਆਂ ਚੋਣਾਂ ਦੇ ਮਹੌਲ ਨੂੰ ਦਹਿਸ਼ਤ ਵਾਲਾ ਬਣਾ ਰਹੀਆਂ ਹਨ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਅਤੇ ਸਿੱਖ ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਸ. ਮਾਨ ਨੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੋ ਬਾਦਲ , ਬੀ ਜੇ ਪੀ ਹਕੂਮਤ ਗੈਰ ਕਾਨੂੰਨੀਂ ਢੰਗਾਂ ਰਾਹੀਂ ਸਭ ਪਾਸੇ ਦਹਿਸ਼ਤ ਪੈਦਾ ਕਰ ਰਹੀ ਹੈ ਕਿ ਉਸ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣਗੇ।