ਨਵੀਂ ਦਿੱਲੀ – ਕਾਂਗਰਸ ਨੇ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੀ 6ਵੀਂ ਲਿਸਟ ਜਾਰੀ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਦਾਵਰ ਨੇਤਾ ਮਹਾਰਾਜਾ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਨੂੰ ਆਨੰਦਪੁਰ ਸਾਹਿਬ ਸੀਟ ਤੋਂ ਟਿਕਟ ਦਿੱਤਾ ਹੈ।
ਬੀਜੇਪੀ ਨੇ ਸਿੱਧੂ ਦਾ ਪੱਤਾ ਕਟ ਕੇ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਤੋਂ ਸੁਰੱਖਿਅਤ ਸੀਟ ਸਮਝ ਕੇ ਮੈਦਾਨ ਵਿੱਚ ਉਤਾਰਿਆ ਹੈ। ਲੇਕਿਨ ਹੁਣ ਮਜ਼ਬੂਤ ਉਮੀਦਵਾਰ ਮਹਾਰਾਜਾ ਅਮਰਿੰਦਰ ਸਿੰਘ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਬੀਜੇਪੀ ਦੇ ਸਾਹ ਖੁਸ਼ਕ ਹੋ ਗਏ ਹਨ ਅਤੇ ਜੇਟਲੀ ਦੇ ਪਸੀਨੇ ਛੁੱਟ ਰਹੇ ਹਨ।ਅਰੁਣ ਜੇਟਲੀ ਪਹਿਲੀ ਵਾਰ ਚੋਣ ਲੜ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਸਰਗਰਮ ਅਤੇ ਸਿੱਖ ਕੌਮ ਵਿੱਚ ਸਨਮਾਨਿਤ ਹਸਤੀ ਹਨ। ਉਨ੍ਹਾਂ ਦੇ ਚੋਣ ਲੜਨ ਤੋਂ ਮਨ੍ਹਾਂ ਕਰਨ ਦੇ ਬਾਵਜੂਦ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ। 1984 ਵਿੱਚ ਬਲੂ ਸਟਾਰ ਦੇ ਵਿਰੋਧ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਪਰ ਬਾਅਦ ਵਿੱਚ ਫਿਰ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ।ਪੰਜਾਬ ਵਿੱਚ ਉਹ ਹੀ ਅਜਿਹੇ ਨਿਧੜਕ ਨੇਤਾ ਹਨ ਜੋ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦਾ ਐਲਾਨ ਹੁੰਦਿਆਂ ਸਾਰ ਹੀ ਉਨ੍ਹਾਂ ਦੇ ਸਮਰਥੱਕਾਂ ਨੇ ਅੰਮ੍ਰਿਤਸਰ ਵਿੱਚ ਆਤਿਸ਼ਬਾਜ਼ੀ ਚਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।