ਨਵੀਂ ਦਿੱਲੀ- ਬੀਜੇਪੀ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਮੱਚਿਆ ਬਵਾਲ ਵੱਧਦਾ ਹੀ ਜਾ ਰਿਹਾ ਹੈ। ਪਾਰਟੀ ਦੇ ਕਦਾਵਰ ਨੇਤਾ ਜਸਵੰਤ ਸਿੰਘ ਰਾਜਸਥਾਨ ਦੇ ਬਾੜਮੇਰ ਤੋਂ ਚੋਣ ਲੜਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਸਥਾਨ ਤੇ ਕਾਂਗਰਸ ਤੋਂ ਤਿੰਨ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਿਲ ਹੋਏ ਕਰਨਲ ਸੋਨਾਰਾਮ ਨੂੰ ਟਿਕਟ ਦੇ ਦਿੱਤਾ ਗਿਆ ਹੈ। ਇਸ ਲਈ ਭਾਜਪਾ ਦੇ ਸੰਸਥਾਪਕ ਨੇਤਾਵਾਂ ਵਿੱਚ ਸ਼ਾਮਿਲ ਜਸਵੰਤ ਸਿੰਘ ਨੇ ਹੁਣ ਬਾਗੀ ਤੇਵਰ ਅਪਨਾ ਲਏ ਹਨ। ਉਨ੍ਹਾਂ ਨੇ ਕਿਹਾ, ‘ਸਾਨੂੰ ਅਸਲੀ ਅਤੇ ਨਕਲੀ ਭਾਜਪਾ ਵਿੱਚ ਫਰਕ ਕਰਨਾ ਹੋਵੇਗਾ।’
ਲੋਕਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਅਤੇ ਬੀਜੇਪੀ ਦੀ ਉਚ ਨੇਤਾ ਸੁਸ਼ਮਾ ਸਵਰਾਜ ਨੇ ਵੀ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਪਾਰਟੀ ਵੱਲੋਂ ਟਿਕਟ ਨਾਂ ਦਿੱਤੇ ਜਾਣ ਤੇ ਦੁੱਖ ਪ੍ਰਗਟਾਇਆ ਹੈ। ਇਸ ਸਮੇਂ ਬੀਜੇਪੀ ਵਿੱਚ ਮੋਦੀ ਗਰੁੱਪ ਅਡਵਾਨੀ ਧੜੇ ਦੇ ਨੇਤਾਵਾਂ ਨੂੰ ਨੁਕਰੇ ਲਗਾ ਰਿਹਾ ਹੈ। ਖਾਸ ਕਰਕੇ ਸੀਨੀਅਰ ਨੇਤਾਵਾਂ ਨੂੰ ਅਪਮਾਨਿਤ ਕਰਨ ਕਰਕੇ ਭਾਰਤੀ ਜਨਤਾ ਪਾਰਟੀ ਵਿੱਚ ਦਰਾੜ ਵੱਧਦੀ ਹੀ ਜਾ ਰਹੀ ਹੈ ਅਤੇ ਜਸਵੰਤ ਸਿੰਘ ਨੂੰ ਟਿਕਟ ਨਾਂ ਦਿੱਤੇ ਜਾਣ ਕਰਕੇ ਇਹ ਲੜਾਈ ਹੁਣ ਸੜਕ ਤੇ ਆ ਗਈ ਹੈ।
ਬੀਜੇਪੀ ਦੇ ਉਚਕੋਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਖਾਸ ਵਿਸ਼ਵਾਸ਼ਪਾਤਰ ਅਤੇ 7 ਵਾਰ ਸਾਂਸਦ ਰਹਿ ਚੁੱਕੇ ਹਰਿਨ ਪਾਠਕ ਦਾ ਵੀ ਪੱਤਾ ਕਟ ਦਿੱਤਾ ਹੈ। ਪਾਠਕ ਦੀ ਜਗ੍ਹਾ ਕਮੇਡੀਅਨ ਪਰੇਸ਼ ਰਾਵਲ ਨੂੰ ਲੋਕਸਭਾ ਦਾ ਟਿਕਟ ਦੇ ਦਿੱਤਾ ਹੈ। ਇਸ ਲਈ ਪਾਰਟੀ ਵੱਲੋਂ ਅਣਗੌਲਿਆਂ ਕੀਤੇ ਜਾਣ ਕਰਕੇ ਅਡਵਾਨੀ ਵੀ ਬਹੁਤ ਦੁੱਖੀ ਹਨ।
ਜਸਵੰਤ ਸਿੰਘ ਦੇ ਸਮਰਥੱਕਾਂ ਨੇ ਪਾਰਟੀ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਜੈਪੁਰ ਵਿੱਚ ਰਾਜਨਾਥ ਅਤੇ ਮੋਦੀ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਪਾੜ ਦਿੱਤੇ ਹਨ ਅਤੇ ਪਾਰਟੀ ਦੇ ਦਫਤਰ ਤੇ ਵੀ ਕਬਜਾ ਕਰ ਲਿਆ।ਪਾਰਟੀ ਨੇਤਾਵਾਂ ਦੀਆਂ ਫੋਟੋਆਂ ਤੇ ਕਾਲੀ ਸਿਆਹੀ ਸੁੱਟ ਕੇ ਨਾਅਰੇਬਾਜ਼ੀ ਵੀ ਕੀਤੀ ਗਈ।ਜਲਦੀ ਹੀ ਜਸਵੰਤ ਸਿੰਘ ਆਪਣੇ ਸਮਰਥੱਕਾਂ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਲੈਣਗੇ। ਸੋਮਵਾਰ ਨੂੰ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਬਾੜਮੇਰ ਤੋਂ ਚੋਣ ਲੜਨ ਲਈ ਪੇਪਰ ਭਰ ਸਕਦੇ ਹਨ।