ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫਾਈ ਦੀ ਕਾਰਸੇਵਾ ਜੋ ਕਿ ਕਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਸੀ ਤੇ ਬਾਬਾ ਬਚਨ ਸਿੰਘ ਕਾਰਸੇਵਾ ਵਾਲੇ ਅਤੇ ਉਨ੍ਹਾਂ ਦੇ ਸਹਿਯੋਗਿਆਂ ਵਲੋਂ ਅੱਧੇ ਸਰੋਵਰ ਵਿਚੋਂ ਜਲ ਕੱਢਕੇ ਉਸ ਵਿਚੋਂ ਜਮ੍ਹਾਂ ਮਿਟੀ ਨੂੰ ਕੱਢਣ ਵਾਸਤੇ 4 ਦਿਨ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਦਿੱਲੀ ਦੀਆਂ ਸੰਗਤਾਂ ਨੇ ਇਕ ਦਿੰਨ ਵਿਚ ਹੀ ਹੱਥੀ ਸੇਵਾ ਕਰਦੇ ਹੋਏ ਅੱਧੇ ਸਰੋਵਰ ਨੂੰ ਸਾਫ ਕਰ ਦਿੱਤਾ। ਜਿਸ ਕਰਕੇ ਅੱਜ ਕਾਰਸੇਵਾ ਦਾ ਦੁਜਾ ਪੜਾਵ ਸਰੋਵਰ ਦੇ ਵਿਚ ਰੇਤਾਂ ਪਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਅਤੇ ਦੇਰ ਰਾਤ ਤੱਕ ਇਸ ਵਿਚ ਜਲ ਭਰਣ ਦੀ ਪ੍ਰਕ੍ਰਿਆ ਪੂਰੇ ਹੋਣ ਦੇ ਆਸਾਰ ਹਨ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਗਤਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਦਾਅਵਾ ਕੀਤਾ ਕਿ ਕੱਲ ਲਗਭਗ 2 ਲੱਖ ਸੰਗਤਾਂ ਨੇ ਹੱਥੀ ਸੇਵਾ ਕਰਕੇ 4 ਦਿੰਨਾ ਦੇ ਕਾਰਜ ਨੂੰ ਇਕ ਦਿਨ ਵਿਚ ਹੀ ਖਤਮ ਕਰਕੇ ਸਾਨੂੰ ਹੈਰਾਨ ਕਰ ਦਿੱਤਾ ਹੈ ਤੇ ਸ਼ਾਇਦ ਇਹ ਗੁਰੂ ਦਾ ਭਾਣਾ ਤੇ ਸੰਗਤਾਂ ਦਾ ਪਿਆਰ ਹੈ ਕਿ ਇਨ੍ਹਾਂ ਵੱਡਾ ਕਾਰਜ ਆਪਣੇ ਨਿਅਤ ਸਮੇਂ ਤੋਂ ਵੀ ਪਹਿਲੇ ਸਿਰੇ ਚੜਨ ਨੂੰ ਤਿਆਰ ਹੈ। ਅੱਜ ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਅਤੇ ਜਰਨਲ ਮੇਨੈਜਰ ਰਾਮ ਸਿੰਘ ਨੇ ਸੰਗਤਾਂ ਨਾਲ ਮਿਲ ਕੇ ਸਰੋਵਰ ਵਿਚ ਰੇਤਾ ਪਾਉਣ ਦੀ ਸੇਵਾਂ ਵੀ ਨਿਭਾਈ।